ਇਲੈਕਟ੍ਰੋਨਿਕ ਪਿਚਕਾਰੀ ਗੰਨ, ਬੱਚਿਆਂ ਦੀ ਬਣੀ ਪਹਿਲੀ ਪਸੰਦ
ਇਲੈਕਟ੍ਰੋਨਿਕ ਪਿਚਕਾਰੀ ਗੰਨ, ਬੱਚਿਆਂ ਦੀ ਬਣੀ ਪਹਿਲੀ ਪਸੰਦ
Publish Date: Sun, 01 Mar 2026 03:42 PM (IST)
Updated Date: Mon, 02 Mar 2026 03:59 AM (IST)

ਹੋਲੀ ਦੇ ਰੰਗ ’ਚ ਰੰਗਿਆ ਸ਼ਹਿਰ ਸੰਗਰੂਰ, ਸਜ ਗਏ ਬਾਜ਼ਾਰ ਇਸ ਸਾਲ ਕਈ ਨਵੀਆਂ ਆਈਟਮਾਂ ਬਾਜ਼ਾਰ ’ਚ, ਲੋਕਾਂ ਕੀਤੀ ਖਰੀਦਦਾਰੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਰੰਗਾਂ ਦਾ ਤਿਉਹਾਰ ਹੋਲੀ ’ਚ ਸਿਰਫ ਦੋ ਦਿਨ ਹੀ ਬਾਕੀ ਰਹਿ ਗਏ ਹਨ ਤੇ ਸਾਰਾ ਸ਼ਹਿਰ ਹੋਲੀ ਦੇ ਰੰਗਾਂ ’ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਬਾਜ਼ਾਰਾਂ ਵਿਚ ਸਜੀਆਂ ਰੰਗਾਂ ਨਾਲ ਦੁਕਾਨਾਂ ਲੋਕਾਂ ਨੂੰ ਆਪਣੇ ਵਲ ਖਿੱਚ ਰਹੀਆਂ ਹਨ। ਵੱਡਿਆਂ ਲਈ ਇਸ ਵਾਰ ਜਿੱਥੇ ਵੱਖੋ ਵੱਖਰੀ ਖੁਸ਼ਬੂ ਵਾਲੇ ਹਰਬਲ ਰੰਗ ਆਏ ਹਨ, ਉੱਥੇ ਹੀ ਬੱਚਿਆਂ ਲਈ ਇਲੈਕਟ੍ਰੋਨਿਕ ਗੰਨ ਪਿਚਕਾਰੀ ਉਚਾਰੀ ਗਈ ਹੈ, ਜੋ ਬੱਚਿਆਂ ਨੂੰ ਕਾਫੀ ਪਸੰਦ ਵੀ ਆ ਰਹੀ ਹੈ। ਐਤਵਾਰ ਨੂੰ ਲੋਕਾਂ ਨੇ ਬਾਜ਼ਾਰ ’ਚ ਰੰਗਾਂ, ਪਿਚਕਾਰੀਆਂ ਤੇ ਹੋਲੀ ਨਾਲ ਸਬੰਧਤ ਹੋਰ ਸਾਜੋ ਸਾਮਾਨ ਦੀ ਖੂਬ ਖਰੀਦਦਾਰੀ ਕੀਤੀ। ਇਸ ਨਾਲ ਦੁਕਾਨਦਾਰਾਂ ਦੇ ਚਿਹਰੇ ਵੀ ਖਿ਼ੜੇ ਹੋਏ ਸਨ। ਇਸ ਮੌਕੇ ਦੁਕਾਨਾਂ ਦੇ ਬਾਹਰ ਲੋਕਾਂ ਤੇ ਨੌਜਵਾਨਾਂ ਨੇ ਵੱਖ-ਵੱਖ ਰੰਗਾਂ ਦੀਆਂ ਸਟਾਲਾਂ ਤੋਂ ਰੰਗ ਖਰੀਦੇ। ਉੱਥੇ ਹੀ ਛੋਟੇ ਬੱਚਿਆਂ ਨੇ ਰੰਗ, ਪਿਚਕਾਰੀ, ਪਾਣੀ ਵਾਲੇ ਗੁਬਾਰੇ ਤੇ ਹੋਰ ਮਨੋਰੰਜਨ ਨਾਲ ਸਬੰਧਿਤ ਸਾਮਾਨ ਦੀ ਖਰੀਦਦਾਰੀ ਕੀਤੀ। ਬਾਜ਼ਾਰ ’ਚ 50 ਤੋਂ 3 ਹਜ਼ਾਰ ਰੁਪਏ ਤਕ ਦੀ ਪਿਚਕਾਰੀ ਉਪਲਬਧ ਸ਼ਹਿਰ ਦੇ ਸੁਨਾਮੀ ਗੇਟ, ਧੂਰੀ ਗੇਟ ਤੇ ਨਾਭਾ ਗੇਟ ਵਰਗੇ ਵੱਡੇ ਬਾਜ਼ਾਰਾਂ ਦੀਆਂ ਵੱਖ-ਵੱਖ ਦੁਕਾਨਾਂ ’ਤੇ 50 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦੀਆਂ ਪਿਚਕਾਰੀਆਂ ਮਿਲ ਰਹੀਆਂ ਹਨ। ਦੁਕਾਨਦਾਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਬੱਚਿਆਂ ਲਈ ਕਈ ਨਵੀਆਂ ਪਿਚਕਾਰੀਆਂ ਬਾਜ਼ਾਰ ’ਚ ਉਪਲਬਧ ਹਨ, ਇਨ੍ਹਾਂ ਵਿਚ ਪੰਪ ਵਾਲੀ ਪਿਚਕਾਰੀ, ਮੋਟੂ ਪਤਲੂ ਗੰਡਾਸੀ, ਗਦਾ, ਹਲਕ, ਪੱਬਜੀ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਪਿਚਕਾਰੀਆਂ ਹਨ, ਜਿਨ੍ਹਾਂ ਦੀ ਕੀਮਤ 150 ਤੋਂ 600 ਰੁਪਏ ਤੱਕ ਹੈ। ਇਸ ਵਾਰ ਇਲੈਕਟ੍ਰੋਨਿਕ ਗੰਨ ਪਿਚਕਾਰੀ ਵੀ ਨਵੀਂ ਹੈ, ਜਿਸਦੀ ਕੀਮਤ 350 ਤੋਂ 3000 ਰੁਪਏ ਤੱਕ ਹੈ। ਹਰਬਲ ਤੇ ਖੁਸ਼ਬੂ ਵਾਲੇ ਰੰਗਾਂ ਦੀ ਖੂਬ ਹੋ ਰਹੀ ਵਿਕਰੀ ਦੁਕਾਨਦਾਰ ਰਕੇਸ਼ ਕੁਮਾਰ ਮੁਤਾਬਕ ਇਸ ਵਾਰ ਲੋਕ ਕੈਮੀਕਲ ਰੰਗਾਂ ਦੀ ਥਾਂ ਹਰਬਲ ਰੰਗਾਂ ਨੂੰ ਵੱਧ ਤਵੱਜੋ ਦੇ ਰਹੇ ਹਨ ਅਤੇ ਡਿਮਾਂਡ ਦੇ ਅਨੁਸਾਰ ਹੀ ਦੁਕਾਨਦਾਰਾਂ ਨੇ ਪਹਿਲਾਂ ਹੀ ਵੱਡੇ ਪੱਧਰ ਤੇ ਹਰਬਲ ਰੰਗ ਮੰਗਵਾਏ, ਜਿਨਾਂ ਦੀ ਖੂੁਬ ਵਿਕਰੀ ਹੋ ਰਹੀ ਹੈ। ਇਸ ਵਾਰ ਲਖਨਊ ਤੋ ਆਏ ਖੁਸ਼ਬੂ ਵਾਲੇ ਰੰਗ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ, ਜੋ ਵੱਖ-ਵੱਖ ਤਰ੍ਹਾਂ ਦੀ ਖੁਸ਼ਬੂ ਵਾਲੇ ਹਨ। ਜਿਨਾਂ ਦੀ ਕੀਮਤ 150 ਤੋ 200 ਰੁਪਏ ਕਿਲੋ ਤੱਕ ਹੈ। ਕੈਮਿਕਲ ਵਾਲੇ ਰੰਗਾਂ ਤੋਂ ਬਣਾਓ ਦੂਰੀ : ਡਾ. ਅਗਰਵਾਲ ਡਾ. ਅਮਨਦੀਪ ਅਗਰਵਾਲ ਮੁਤਾਬਕ ਬਾਜ਼ਾਰ ਵਿਚ ਦੁਕਾਨਾਂ ’ਤੇ ਵਿਕਣ ਵਾਲੇ ਕਈ ਰੰਗ ਕੈਮੀਕਲ ਵਾਲੇ ਹੁੰਦੇ ਹਨ, ਜੋ ਚਮੜੀ ਤੇ ਅੱਖਾਂ ਲਈ ਨੁਕਸਾਨਦਾਇਕ ਹੋ ਸਕਦੇ ਹਨ। ਲਾਲ, ਨੀਲਾ, ਹਰਾ, ਪੀਲਾ, ਜਾਮਨੀ ਤੇ ਸਫ਼ੈਦ ਵਰਗੇ ਰੰਗ ਅਕਸਰ ਕੈਮਿਕਲ ਵਾਲੇ ਹੁੰਦੇ ਹਨ। ਜੇਕਰ ਇਹ ਅੱਖਾਂ ’ਚ ਚਲੇ ਜਾਣ ਤਾਂ ਜਲਣ, ਨਜ਼ਰ ਘਟਣਾ ਤੇ ਚੁਭਨ ਦੀ ਸਮੱਸਿਆ ਹੋ ਸਕਦੀ ਹੈ। ਕਈ ਲੋਕਾਂ ਨੂੰ ਚਮੜੀ ਦੀ ਸਮੱਸਿਆ ਵੀ ਹੋ ਸਕਦੀ ਹੈ। ਥੋੜ੍ਹਾ ਜਿਹਾ ਰੰਗ ਲੱਗਣ ਨਾਲ ਹੀ ਖੁਜਲੀ ਸ਼ੁਰੂ ਹੋ ਜਾਂਦੀ ਹੈ, ਜੋ ਬਾਅਦ ’ਚ ਵੱਧ ਸਕਦੀ ਹੈ। ਇਸ ਲਈ ਲੋਕਾਂ ਨੂੰ ਕੈਮਿਕਲ ਵਾਲੇ ਰੰਗਾਂ ਤੋਂ ਦੂਰ ਰਹਿਣਾ ਚਾਹੀਦਾ ਹੈ।