ਈਦ-ਉਲ-ਫਿਤਰ ਧੂਮਧਾਮ ਨਾਲ ਮਨਾਈ, ਭਾਈਚਾਰਕ ਸਾਂਝ ਦੀ ਦਿੱਤੀ ਮਿਸਾਲ
ਈਦ-ਉਲ-ਫਿਤਰ ਧੂਮਧਾਮ ਨਾਲ ਮਨਾਈ, ਭਾਈਚਾਰਕ ਸਾਂਝ ਦੀ ਦਿੱਤੀ ਮਿਸਾਲ
Publish Date: Sat, 21 Mar 2026 06:10 PM (IST)
Updated Date: Sat, 21 Mar 2026 06:13 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਘਨੌਰ : ਘਨੌਰ ਹਲਕੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਭਾਈਚਾਰੇ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਨਮਾਜ ਅਦਾ ਕੀਤੀ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਜਾਮਾ ਮਸਜਿਦ ਘਨੌਰ ਵਿੱਚ ਮਨਾਏ ਗਏ ਸਮਾਗਮ ਦੌਰਾਨ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਗਲੇ ਮਿਲ ਕੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਅਤੇ ਅਜਿਹੇ ਤਿਉਹਾਰ ਆਪਸੀ ਪਿਆਰ ਅਤੇ ਏਕਤਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਇਸ ਮੌਕੇ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਲੱਡੂਆਂ ਅਤੇ ਜਲੇਬੀਆਂ ਦਾ ਲੰਗਰ ਵੀ ਲਗਾਇਆ ਗਿਆ, ਜਿਸ ਵਿੱਚ ਸਾਰੇ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਲੀਮ ਖਾਨ, ਮੌਜੂ ਖਾਨ, ਮੁਸਤਾਕ ਅਲੀ, ਕ਼ਵਾਲਦੀਨ, ਯਾਸੀਨ ਖਾਨ, ਮੱਖਣ ਖਾਨ ਅਤੇ ਮਜੀਦ ਖਾਨ, ਮਾਸਟਰ ਰੂੜਾ ਖਾਨ, ਫੌਜੀ ਕੂੜਾ ਖਾਨ, ਸਮੇਤ ਹੋਰ ਕਈ ਨਗਰ ਵਾਸੀ ਹਾਜ਼ਰ ਸਨ। ਇਸ ਤੋਂ ਇਲਾਵਾ ਘਨੌਰ ਹਲਕੇ ਦੇ ਪਿੰਡ ਮਰਦਾਂਪੁਰ, ਲਾਛੜੂ ਕਲਾਂ, ਸਰਾਲਾ ਖੁਰਦ, ਗੁਰਨਾ ਖੇੜੀ, ਅਲਾਮਦੀਪੁਰ ਅਤੇ ਸੀਲ ਵਿੱਚ ਵੀ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ, ਮਰਦਾਂਪੁਰ ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ਹਸਨਪੁਰ, ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਘਨੌਰ ਅਤੇ ਹਲਕਾ ਵਿਧਾਇਕ ਗੁਰਲਾਲ ਸਿੰਘ ਘਨੌਰ ਜਾਮਾ ਮਸਜਿਦ ਵਿਖੇ ਪਹੁੰਚੇ ਅਤੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸੇਵਾਮੁਕਤ ਜੰਗਲਾਤ ਅਧਿਕਾਰੀ ਨਸੀਰੁਦੀਨ ਘਨੌਰ ਸਮੇਤ ਇਲਾਕੇ ਦੇ ਕਈ ਪ੍ਰਮੁੱਖ ਵਿਅਕਤੀ ਵੀ ਮੌਜੂਦ ਰਹੇ। ਸਮਾਗਮ ਦੌਰਾਨ ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਮਿਲ ਕੇ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੱਤਾ।