ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ
ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ
Publish Date: Sat, 21 Mar 2026 04:35 PM (IST)
Updated Date: Sat, 21 Mar 2026 04:37 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਗੁਰੂ ਨਾਨਕ ਨਗਰ ਸਥਿਤ ਮਦੀਨਾ ਮਸਜਿਦ ਵਿਖੇ ਪਵਿੱਤਰ ਤਿਉਹਾਰ ਈਦ-ਉਲ-ਫਿਤਰ ਬੜੀ ਅਕੀਦਤ, ਉਤਸ਼ਾਹ ਅਤੇ ਆਪਸੀ ਮਿਲਵਰਤਣ ਨਾਲ ਮਨਾਇਆ ਗਿਆ। ਇਸ ਮੁਬਾਰਕ ਮੌਕੇ ’ਤੇ ਮੁਸਲਿਮ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ। ਮਸਜਿਦ ਦੇ ਮੌਲਵੀ ਮੁਹੰਮਦ ਸਾਜੀਦ ਸਲਮਾਨੀ ਨੇ ਨਮਾਜ਼ ਅਦਾ ਕਰਵਾਉਂਦੇ ਹੋਏ ਅੱਲ੍ਹਾ ਤਾਲਾ ਅੱਗੇ ਸਮੂਹ ਸੰਗਤਾਂ ਦੀ ਚੰਗੀ ਸਿਹਤ, ਤਰੱਕੀ ਅਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਵਿਸ਼ੇਸ਼ ਦੁਆ ਕੀਤੀ। ਇਸ ਮੌਕੇ ਮਦੀਨਾ ਮਸਜਿਦ ਦੇ ਪ੍ਰਧਾਨ ਅਤੇ ਪੰਜਾਬ ਸਟੇਟ ਮਿਨਿਓਰਟੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਜਿਹੇ ਪਵਿੱਤਰ ਦਿਹਾੜੇ ਸਾਡੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਖੁਸ਼ੀ ਦੇ ਮੌਕੇ ’ਤੇ ਮਸਜਿਦ ਕਮੇਟੀ ਵੱਲੋਂ ਸੰਗਤਾਂ ਲਈ ਖੀਰ ਦਾ ਲੰਗਰ ਵੀ ਲਗਾਇਆ ਗਿਆ। ਸਮਾਗਮ ਦੌਰਾਨ ਪੰਜਾਬ ਦੀ ਅਮੀਰ ਸਾਂਝੀਵਾਲਤਾ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ, ਜਦੋਂ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਉੱਘੇ ਸਮਾਜ ਸੇਵੀ ਗੁਰਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੁਸਲਿਮ ਵੀਰਾਂ ਨੂੰ ਈਦ ਦੀ ਵਧਾਈ ਦਿੱਤੀ। ਇਸ ਮੌਕੇ ਮਸਜਿਦ ਕਮੇਟੀ ਦੇ ਮੈਂਬਰਾਂ ਵਿੱਚ ਵਕੀਲ ਖਾਨ, ਫਿਰੋਜ਼ ਖਾਨ, ਫਾਤਿਮ ਖਾਨ, ਮਲਿਕ ਗੁਲਜਾਰ, ਮੁਹੰਮਦ ਇਕਬਾਲ, ਮੁਹੰਮਦ ਦਿਲਬਰ ਖਾਨ, ਫੌਜੀ ਇਮਰਾਨ ਅਤੇ ਮੁਹੰਮਦ ਅਰਸ਼ਾਦ ਅਹਿਮਦ ਸਮੇਤ ਇਲਾਕੇ ਦੇ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।