ਕਣਕ ਦੀ ਖਰੀਦ ਨਾ ਹੋਣ ਕਰਕੇ ਮੰਡੀਆਂ ’ਚ ਲੱਗੇ ਢੇਰੀਆਂ ਦੇ ਅੰਬਾਰ
ਕਣਕ ਦੀ ਖਰੀਦ ਨਾ ਹੋਣ ਕਰਕੇ ਮੰਡੀਆਂ ’ਚ ਲੱਗੇ ਢੇਰੀਆਂ ਦੇ ਅੰਬਾਰ
Publish Date: Sun, 12 Apr 2026 03:46 PM (IST)
Updated Date: Mon, 13 Apr 2026 04:01 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਕਰਨ ਦਾ ਰਸਮੀ ਤੌਰ ’ਤੇ ਐਲਾਨ ਕੀਤਾ ਗਿਆ ਸੀ ਪਰ ਜ਼ਮੀਨੀ ਪੱਧਰ ’ਤੇ ਅਜੇ ਤੱਕ ਵੀ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਕਣਕ ਦੀ ਖ਼ਰੀਦ ਨਾ ਹੋਣ ਕਰਕੇ ਮੰਡੀਆਂ ਵਿਚ ਕਣਕ ਦੀਆਂ ਢੇਰੀਆਂ ਦੇ ਅੰਬਾਰ ਲੱਗੇ ਨਜ਼ਰ ਆ ਰਹੇ ਹਨ। ਇਕ ਉੱਪਰੋਂ ਮੌਸਮ ਦੀ ਮਾਰ ਤੇ ਦੂਜੇ ਪਾਸੇ ਖ਼ਰੀਦ ਏਜੰਸੀਆਂ ਦੇ ਨਖਰੇ ਕਿਸੇ ਕਿਸਾਨਾਂ ਲਈ ਮੁਸੀਬਤ ਦਾ ਕਾਰਨ ਬਣੇ ਹੋਏ ਹਨ। ਬੇਮੌਸਮੀ ਬਾਰਿਸ਼ ਹੋਣ ਦੇ ਕਾਰਨ ਜਿੱਥੇ ਕਣਕ ਦੇ ਝਾੜ ’ਤੇ ਫਰਕ ਪਿਆ ਹੈ ਉੱਥੇ ਹੀ ਕਣਕ ਦੀ ਗੁਣਵੱਤਾ ਵੀ ਘਟੀ ਹੈ। ਬਾਰਿਸ਼ ਤੇ ਤੇਜ਼ ਹਵਾ ਚੱਲਣ ਕਾਰਨ ਕਣਕ ਧਰਤੀ ’ਤੇ ਡਿੱਗੀ ਨਜ਼ਰ ਆਈ। ਇਸ ਕਾਰਨ ਕਣਕ ਦੇ ਦਾਣੇ ਜਾਂ ਤਾਂ ਬਦਰੰਗ ਹੋ ਗਏ ਹਨ ਜਾਂ ਛੋਟੇ ਹੋ ਗਏ ਹਨ। ਇਸ ਕਾਰਨ ਕਣਕ ਦੀ ਖ਼ਰੀਦ ਲਈ ਖ਼ਰੀਦ ਏਜੰਸੀਆਂ ਵੱਲੋਂ ਇਹ ਬਹਾਨੇ ਲਗਾਏ ਜਾ ਰਹੇ ਹਨ। ਫੂਡ ਸਪਲਾਈ ਇੰਸਪੈਕਟਰ ਪੰਕਜ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਐਫਸੀਆਈ ਦੇ ਮਾਪਦੰਡਾਂ ਨੂੰ ਲੈ ਕੇ ਕਣਕ ਅੰਦਰ ਇਸ ਸਮੇਂ ਛੋਟੇ ਕਣਕ ਦੇ ਵੀ ਜਿਆਦਾ ਰਹੇ ਹਨ ਅਤੇ ਕੁਝ ਬਦਰੰਗ ਵੀ ਹਨ ਜਿਸ ਕਰਕੇ ਉਹ ਕਣਕ ਨਹੀਂ ਖਰੀਦ ਸਕਦੇ। ਸਰਕਾਰ ਕਣਕ ਦੀ ਖ਼ਰੀਦ ਜਲਦੀ ਸ਼ੁਰੂ ਕਰੇ : ਕਿਸਾਨ ਆਗੂ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਨੇ ਕਿਹਾ ਕਿ ਬੇਮੌਸਮੀ ਹੋਈ ਬਾਰਿਸ਼ ਦੇ ਕਾਰਨ ਕਿਸਾਨਾਂ ਉੱਤੇ ਜਿੱਥੇ ਕਣਕ ਦਾ ਝਾੜ ਘਟਣ ਦਾ ਬੋਝ ਪਿਆ ਹੈ ਇਸ ਦੇ ਨਾਲ ਹੀ ਕੁਝ ਖੇਤਰਾਂ ਵਿੱਚ ਕਣਕ ਬਦਰੰਗ ਵੀ ਹੋਈ ਹੈ ਤੇ ਛੋਟੇ ਦਾਣੇ ਵੀ ਨਜ਼ਰ ਆਏ ਹਨ। ਪਰ ਇਸ ਵਿੱਚ ਕਿਸਾਨ ਦਾ ਕੀ ਕਸੂਰ ਹੈ ਕਿਸਾਨ ਨੇ ਛੇ ਮਹੀਨੇ ਦੀ ਸਖਤ ਮਿਹਨਤ ਕਰਕੇ ਫਸਲ ਪਾਲੀ ਹੈ ਅਤੇ ਅੱਜ ਮੰਡੀ ਵਿੱਚ ਬੈਠਾ ਕਣਕ ਦੀ ਖਰੀਦ ਦੀ ਉਡੀਕ ਕਰ ਰਿਹਾ ਹੈ।ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਤਾਂ ਕਿਸਾਨ ਯੂਨੀਅਨ ਸੰਘਰਸ਼ ਵੀ ਕਰ ਸਕਦੀ ਹੈ। ਜਲਦੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ : ਪ੍ਰਧਾਨ ਦਰਸ਼ਨ ਸਿੰਘ ਘੁਮਾਣ ਆੜ੍ਹਤੀਆ ਐਸੋਸੀਏਸ਼ਨ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਘੁਮਾਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨਾਲ ਪੰਜਾਬ ਵਿੱਚ ਬੇ ਮੌਸਮੀ ਬਾਰਿਸ਼ ਹੋਣ ਕਾਰਨ ਕਣਕ ਦੀ ਗੁਣਵੱਤਾ ’ਚ ਆਈ ਕਮੀ ਨੂੰ ਲੈ ਕੇ ਗੱਲਬਾਤ ਕੀਤੀ ਸੀ ਇਸ ਦੇ ਚਲਦੇ ਕੇਂਦਰੀ ਟੀਮ ਪੰਜਾਬ ’ਚ ਦੌਰਾ ਕਰ ਰਹੀ ਹੈ ਉਸ ਦੀ ਰਿਪੋਰਟ ਦੇ ਆਧਾਰ ’ਤੇ ਜਲਦੀ ਹੀ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ।