ਹੈੱਡ ਮਾਸਟਰ ਦਾ ਪ੍ਰਾਮੋਸ਼ਨ ਕੋਟਾ 75 ਫੀਸਦੀ ਕਰਨਾ ਡੀਟੀਐੱਫ ਦੀ ਵੱਡੀ ਜਿੱਤ
ਹੈੱਡ ਮਾਸਟਰ ਦਾ ਪ੍ਰੋਮੋਸ਼ਨ ਕੋਟਾ 75 ਫੀਸਦੀ ਕਰਨਾ ਡੀਟੀਐਫ ਦੀ ਵੱਡੀ ਜਿੱਤ
Publish Date: Thu, 01 Jan 2026 05:13 PM (IST)
Updated Date: Fri, 02 Jan 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪ੍ਰਿੰਸੀਪਲਾਂ ਦੀ ਨਿਯੁਕਤੀ ਲਈ ਪ੍ਰਾਮੋਸ਼ਨ ਕੋਟਾ 75 ਪ੍ਰਤੀਸ਼ਤ ਕਰਵਾਉਣ ਤੋਂ ਬਾਅਦ ਹੈੱਡ ਮਾਸਟਰਾਂ ਲਈ ਵੀ ਪ੍ਰਾਮੋਸ਼ਨ ਕੋਟਾ 75 ਫੀਸਦੀ ਕਰਨ ਦੇ ਨਿਯਮਾਂ ਦਾ ਨੋਟੀਫਿਕੇਸ਼ਨ ਵੀਰਵਾਰ ਸਿੱਖਿਆ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਤੇ ਜ਼ਿਲ੍ਹਾ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਸਾਲ 2018 ਵਿਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਿੰਸੀਪਲ, ਹੈੱਡ ਮਾਸਟਰ ਤੇ ਬੀਪੀਈਓ ਲਈ ਪ੍ਰਾਮੋਸ਼ਨ ਕੋਟਾ 75 ਫੀਸਦੀ ਤੋਂ ਘਟਾ ਕੇ 50 ਪ੍ਰਤੀਸ਼ਤ ਕਰ ਦਿੱਤਾ ਸੀ ਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਸ ਕੋਟੇ ਨੂੰ 75 ਪ੍ਰਤੀਸ਼ਤ ਕਰਵਾਉਣ ਲਈ ਲਗਾਤਾਰ ਸੱਤ ਸਾਲ ਤੋਂ ਲੜਾਈ ਲੜ ਰਿਹਾ ਸੀ। ਆਖਿਰ ਹੁਣ ਜਥੇਬੰਦੀ ਦੇ ਦਬਾਅ ਹੇਠ ਸਿੱਖਿਆ ਵਿਭਾਗ ਨੇ 2018 ਵਾਲੇ ਨਿਯਮ ਬਦਲ ਕੇ ਦੁਬਾਰਾ ਪ੍ਰਾਮੋਸ਼ਨ ਦਾ ਕੋਟਾ 75 ਪ੍ਰਤੀਸ਼ਤ ਕਰ ਦਿੱਤਾ ਸੀ ਅਤੇ ਪ੍ਰਿੰਸੀਪਲ ਦੇ ਨਵੇਂ ਰੂਲਜ਼ ਦੇ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਅੱਜ ਹੈਡਮਾਸਟਰ ਦੇ 75 ਫੀਸਦੀ ਪ੍ਰਾਮੋਸ਼ਨ ਕੋਟਾ ਕਰਨ ਦੇ ਰੂਲਜ਼ ਦਾ ਵੀ ਨੋਟੀਫਿਕੇਸ਼ਨ ਹੋ ਗਿਆ ਹੈ? ਉਨ੍ਹਾਂ ਇਸ ਨੂੰ ਜਥੇਬੰਦੀ ਦੀ ਵੱਡੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਸੋਧੇ ਹੋਏ ਰੂਲਜ਼ ਨਾਲ ਸਕੂਲਾਂ ਨੂੰ ਤਜ਼ਰਬੇਕਾਰ ਪ੍ਰਿੰਸੀਪਲ, ਹੈੱਡ ਮਾਸਟਰ ਤੇ ਬੀਪੀਈਓਜ਼ ਮਿਲਣਗੇ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਜਥੇਬੰਦਕ ਸਕੱਤਰ ਪਵਨ ਕੁਮਾਰ, ਵਿੱਤ ਸਕੱਤਰ ਯਾਦਵਿੰਦਰ ਪਾਲ, ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਸਕੂਲਾਂ ਵਿਚ 50 ਫੀਸਦੀ ਤੋਂ ਵੱਧ ਪ੍ਰਿੰਸੀਪਲ, ਹੈੱਡਮਾਸਟਰ ਤੇ ਬੀਪੀਈਓਜ਼ ਦੀਆਂ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਪਈਆਂ ਪੋਸਟਾਂ ਉੱਪਰ ਤੁਰੰਤ ਪ੍ਰੋਮੋਸ਼ਨ ਕੋਟੇ ਅਨੁਸਾਰ ਪ੍ਰਾਮੋਸ਼ਨਾਂ ਕੀਤੀਆਂ ਜਾਣ ਤੇ ਬੀਪੀਈਓਜ਼. ਦੇ ਸੋਧੇ ਰੂਲਾਂ ਦਾ ਨੋਟੀਫਿਕੇਸ਼ਨ ਵੀ ਤੁਰੰਤ ਕੀਤਾ ਜਾਵੇ।