ਸਸਪੈਂਸ਼ਨ ਆਰਡਰਾਂ ਖਿਲਾਫ ਡੀਸੀ ਨੂੰ ਮਿਲਿਆ ਡੀਟੀਐੱਫ ਦਾ ਵਫਦ
ਸਸਪੈਂਸ਼ਨ ਆਰਡਰਾਂ ਖਿਲਾਫ ਡੀਸੀ ਨੂੰ ਮਿਲਿਆ ਡੀਟੀਐੱਫ ਦਾ ਵਫਦ
Publish Date: Fri, 17 Apr 2026 07:14 PM (IST)
Updated Date: Sat, 18 Apr 2026 04:10 AM (IST)

ਕਿਹਾ- ਅਧਿਆਪਕਾਂ ਨੂੰ ਗੈਰ-ਵਿੱਦਿਅਕ ਡਿਊਟੀਆਂ ਤੋਂ ਮੁਕਤ ਕਰ ਕੇ ਸਕੂਲਾਂ ’ਚ ਭੇਜਿਆ ਜਾਵੇ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪਟਿਆਲਾ ਦੇ ਵਫਦ ਵੱਲੋਂ ਐੱਸਡੀਐੱਮ ਦੁੱਧਨ ਸਾਧਾਂ ਵੱਲੋਂ 2 ਅਧਿਆਪਕਾਂ ਨੂੰ ਬੀਐੱਲਓ ਡਿਊਟੀ ਜੁਆਇਨ ਨਾ ਕਰਨ ’ਤੇ ਸਸਪੈਂਡ ਕਰਨ ਦੀ ਸਿਫਾਰਸ਼ ਦੇ ਵਿਰੋਧ ’ਚ ਡੀਟੀਐੱਫ ਵੱਲੋਂ ਡੀਸੀ ਪਟਿਆਲਾ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਅਤਿੰਦਰਪਾਲ ਘੱਗਾ, ਹਰਵਿੰਦਰ ਰੱਖੜਾ ਤੇ ਰਾਜਿੰਦਰ ਸਮਾਣਾ ਨੇ ਦੱਸਿਆ ਕਿ ਜ਼ਿਲ੍ਹੇ ਦੇ 2 ਅਧਿਆਪਕਾਂ ਜਗਜੀਤ ਸਿੰਘ ਤੇ ਸੁਦੇਸ਼ ਕੁਮਾਰ ਨੂੰ ਬੀਐੱਲਓ ਡਿਊਟੀ ਜੁਆਇਨ ਕਰਨ ਲਈ ਉਪਰੋਕਤ ਐੱਸਡੀਐੱਮ ਦੇ ਦਫ਼ਤਰ ਵੱਲੋਂ ਕਿਹਾ ਗਿਆ ਸੀ, ਜਿਸ ’ਤੇ ਇਨ੍ਹਾਂ ਅਧਿਆਪਕਾਂ ਨੇ ਬਿਨੈ-ਪੱਤਰ ਰਾਹੀਂ ਆਪਣੀ ਮਜਬੂਰੀ ਨੂੰ ਦੱਸਦੇ ਹੋਏ ਬੀਐੱਲਓ ਡਿਊਟੀ ਜੁਆਇਨ ਕਰਨ ਤੋਂ ਅਸਮਰੱਥਾ ਜ਼ਾਹਿਰ ਕੀਤੀ ਸੀ। ਐੱਸਡੀਐੱਮ ਵੱਲੋਂ ਇਨ੍ਹਾਂ ਅਧਿਆਪਕਾਂ ਦੀ ਅਰਜ਼ੀ ਦੇਖ ਕੇ ਵਿਚਾਰ ਕਰਨ ਤੋਂ ਬਿਨਾਂ ਹੀ ਇਨ੍ਹਾਂ ਨੂੰ ਸਸਪੈਂਡ ਕਰਨ ਦਾ ਹੁਕਮ ਚਾੜ੍ਹ ਦਿੱਤਾ ਗਿਆ। ਆਗੂਆਂ ਨੇ ਡੀਸੀ ਪਟਿਆਲਾ ਤੋਂ ਸਸਪੈਂਸ਼ਨ ਦੀ ਸਿਫਾਰਸ਼ ਕਰਨ ਵਾਲੇ ਪੱਤਰ ’ਤੇ ਰੋਕ ਲਾਉਣ ਤੇ ਗੈਰ-ਵਿੱਦਿਅਕ ਡਿਊਟੀਆਂ ਸਬੰਧੀ ਵਿਸਥਾਰ ਨਾਲ ਗੱਲਬਾਤ ਕਰਨ ਲਈ ਸਮਾਂ ਮੰਗਿਆ, ਜਿਸ ’ਤੇ ਡੀਸੀ ਪਟਿਆਲਾ ਵੱਲੋਂ ਸਹਿਮਤੀ ਪ੍ਰਗਟਾਈ ਗਈ। ਉਪਰੰਤ ਆਗੂਆਂ ਨੇ ਦੱਸਿਆਂ ਕਿ ਸੂਬਾ ਸਰਕਾਰ ਦੇ ਸਾਰੇ ਨੁਮਾਇੰਦੇ ਸਿੱਖਿਆ ਕ੍ਰਾਂਤੀ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਪਰ ਅਸਲ ’ਚ ਹਕੀਕਤ ਇਹ ਹੈ ਕਿ ਅਧਿਆਪਕਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਪਹਿਲਾਂ ਨਾਲੋਂ ਕਿਤੇ ਵੱਧ ਕੇ ਲਾਈਆਂ ਜਾ ਰਹੀਆਂ ਹਨ। ਅਧਿਆਪਕਾਂ ਨੂੰ ਬੀਐੱਲਓ ਡਿਊਟੀ ਤਹਿਤ ਵੋਟਰ ਸੂਚੀਆਂ ਦੀ ਸੁਧਾਈ, ਮੌਜੂਦਾ ਸਮੇਂ ’ਚ ਐੱਸਆਈਆਰ ਦਾ ਕੰਮ ਤੇ ਹੋਰ ਚੋਣ ਕੰਮਾਂ ਲਈ ਲਗਾਤਾਰ ਸਕੂਲਾਂ ਤੋਂ ਬਾਹਰ ਰੱਖਿਆ ਜਾਂਦਾ ਹੈ। ਹੁਣ ਜਨਗਣਨਾ 2026 ’ਚ ਵੱਡੇ ਪੱਧਰ ’ਤੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ’ਚ ਲਾਇਆ ਗਿਆ ਹੈ। ਇਸ ਤੋਂ ਇਲਾਵਾ ਸਿਹਤ ਸਕੀਮ ’ਚ ਹੈਲਥ ਕਾਰਡ ਬਣਾਉਣ ਲਈ ਵੀ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜਦਕਿ ਸਕੂਲਾਂ ’ਚ ਕਲਰਕਾਂ ਦੀ ਘਾਟ ਕਾਰਨ ਡਾਕ ਤਿਆਰ ਕਰਨੀ, ਆਨਲਾਈਨ ਪੋਰਟਲ ਈ-ਪੰਜਾਬ ਅਪਡੇਟ ਕਰਨਾ, ਮਿਡ ਡੇ ਮੀਲ ਦਾ ਹਿਸਾਬ ਕਿਤਾਬ ਰੱਖਣਾ ਤੇ ਹੋਰ ਫਾਲਤੂ ਰਿਪੋਰਟਾਂ ਭੇਜਣ ਦਾ ਕੰਮ ਵੀ ਅਧਿਆਪਕਾਂ ਨੂੰ ਕਰਨਾ ਪੈਂਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਸਾਰੀਆਂ ਗੈਰ-ਵਿੱਦਿਅਕ ਡਿਊਟੀਆਂ ਤੋਂ ਫਾਰਗ ਕਰ ਕੇ ਵਾਪਸ ਸਕੂਲਾਂ ’ਚ ਭੇਜਿਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਸ ਮੌਕੇ ਹਰਦੀਪ ਟੋਡਰਪੁਰ, ਰਾਮ ਸ਼ਰਨ, ਗੁਰਜੀਤ ਘੱਗਾ, ਸਤਪਾਲ ਸਮਾਣਵੀ, ਹਰਿੰਦਰ ਪਟਿਆਲਾ, ਕ੍ਰਿਸ਼ਨ ਚਹਾਣਕੇ, ਪੂਜਾ, ਅਲਕਾ, ਗੁਰਪ੍ਰੀਤ ਸਿੰਘ ਨਾਭਾ, ਹਰਵਿੰਦਰ ਬੇਲੂਮਾਜਰਾ, ਗੁਰਵਿੰਦਰ ਖੱਟੜਾ, ਭਰਤ ਕੁਮਾਰ, ਪ੍ਰਿਤਪਾਲ ਸਿੰਘ, ਪਵਨ ਕੁਮਾਰ, ਕੁਲਵਿੰਦਰ ਬਰਸਟ, ਚਮਕੌਰ ਸਿੰਘ, ਜਗਦੀਪ ਮੰਡੋੜ ਸਮੇਤ ਅਧਿਆਪਕ ਆਗੂ ਵੱਡੀ ਗਿਣਤੀ ’ਚ ਮੌਜੂਦ ਸਨ।