ਟਰੈਕਟਰ-ਟਰਾਲੀ ਪਲਟਣ ਨਾਲ ਡਰਾਈਵਰ ਦੀ ਮੌਤ
ਟਰੈਕਟਰ ਪਲਟਣ ਨਾਲ ਡਰਾਈਵਰ ਦੀ ਮੌਤ
Publish Date: Sat, 14 Mar 2026 04:21 PM (IST)
Updated Date: Sun, 15 Mar 2026 04:01 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਲਹਿਰਾ-ਸੁਨਾਮ ਮੁੱਖ ਸੜਕ ਦੇ ਨਾਲ ਲੱਗਦੇ ਪਿੰਡ ਮੈਦੇਵਾਸ ਨੇੜੇ ਟਰੈਕਟਰ ਪਲਟਣ ਨਾਲ ਡਰਾਈਵਰ ਗੁਰਪ੍ਰੀਤ ਸਿੰਘ (34) ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਪ੍ਰੀਤ ਸਿੰਘ ਦੀ ਟਰੈਕਟਰ-ਟਰਾਲੀ, ਰਾਜਸਥਾਨ ਤੋਂ ਤੂੜੀ ਨਾਲ ਭਰੀ ਹੋਈ ਵਾਪਸ ਆ ਰਹੀ ਸੀ, ਆਪਣਾ ਸੰਤੁਲਨ ਗੁਆ ਬੈਠੀ ਤੇ ਪਲਟ ਕੇ ਸੜਕ ਕਿਨਾਰੇ ਖੱਡ ਵਿਚ ਡਿੱਗ ਗਈ। ਮ੍ਰਿਤਕ ਦੇ ਛੋਟੇ ਭਰਾ, ਸਰਬਜੀਤ ਸਿੰਘ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਦੱਸਿਆ ਕਿ ਗੁਰਪ੍ਰੀਤ ਸਿੰਘ ਟਰੈਕਟਰ-ਟਰਾਲੀ ਲੈ ਕੇ ਅਜੇ ਹਿਸਾਰ-ਟੋਹਾਣਾ ਸੜਕ ’ਤੇ ਪਹੁੰਚਿਆ ਹੀ ਸੀ ਕਿ ਅਚਾਨਕ ਸਾਹਮਣਿਉਂ ਇਕ ਗੱਡੀ ਆ ਗਈ। ਜਿਸ ਕਾਰਨ ਟਰੈਕਟਰ-ਟਰਾਲੀ ਆਪਣਾ ਸੰਤੁਲਨ ਗੁਆ ਬੈਠੀ, ਟਰੈਕਟਰ-ਟਰਾਲੀ ਸੜਕ ਤੋਂ ਉਤਰਕੇ ਖਤਾਨਾਂ ’ਚ ਜਾ ਡਿੱਗੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਵਿਚਕਾਰੋਂ ਦੋ ਟੁਕੜੇ ਹੋ ਗਏ। ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਹੇਠਾਂ ਫਸ ਗਿਆ। ਗੰਭੀਰ ਜ਼ਖ਼ਮੀ ਹਾਲਤ ਵਿਚ ਉਸਨੂੰ ਤੁਰੰਤ ਟੋਹਾਣਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਦੀ ਗੰਭੀਰਤਾ ਦਾ ਮੁਲਾਂਕਣ ਕਰਦੇ ਹੋਏ, ਉਸਨੂੰ ਡਾਕਟਰੀ ਇਲਾਜ ਲਈ ਕਿਤੇ ਹੋਰ ਰੈਫਰ ਕਰ ਦਿੱਤਾ। ਉਸਦੇ ਪਰਿਵਾਰਕ ਮੈਂਬਰ ਉਸਨੂੰ ਸੰਗਰੂਰ ਲਿਜਾ ਰਹੇ ਸਨ, ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਭੂੰਗ ਵਾਲੀ ਟਰੈਕਟਰ-ਟਰਾਲੀ ਤੇ ਨੌਕਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ।