ਡਾ. ਇਕਬਾਲ ਪੰਜ ਸਾਲ ਤੋਂ ਘਰ ’ਚ ਉਗਾ ਰਹੇ ਔਰਗੈਨਿਕ ਸਬਜੀਆਂ
ਡਾ. ਇਕਬਾਲ ਪੰਜ ਸਾਲ ਤੋਂ ਘਰ ’ਚ ਉਗਾ ਰਹੇ ਔਰਗੈਨਿਕ ਸਬਜੀਆਂ
Publish Date: Tue, 17 Mar 2026 04:16 PM (IST)
Updated Date: Wed, 18 Mar 2026 04:04 AM (IST)

ਹਰਿਆਵਲ ਅੱਖਾਂ ਨੂੰ ਹੀ ਨਹੀੰ ਮਨ ਨੂੰ ਵੀ ਖੁਸ਼ ਰੱਖਦੀ ਹੈ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਅਕਸਰ ਵੇਖਿਆ ਜਾਂਦਾ ਹੈ ਕਿ ਨੌਕਰੀ ਤੋਂ ਸੇਵਾਮੁਕਤ ਹੋਣ ਤੋ ਬਾਅਦ ਲੋਕਾਂ ਦਾ ਸਮਾਂ ਲੰਘਾਉਣਾ ਔਖਾ ਹੋ ਜਾਂਦਾ ਹੈ ਅਤੇ ਉਹ ਇਧਰ-ਉਧਰ ਬੈਠਣ ਲਈ ਲੋਕਾਂ ਦੀ ਭਾਲ ਕਰ ਕੇ ਆਪਣਾ ਸਮਾਂ ਗੁਜਾਰਦੇ ਹਨ, ਪ੍ਰੰਤੂ ਡਾ. ਇਕਬਾਲ ਸਿੰਘ ਸਕਰੌਦੀ ਅਜਿਹੇ ਇਨਸਾਨ ਹਨ, ਜੋ ਪਿਛਲੇ ਪੰਜ ਸਾਲ ਤੋਂ ਆਪਣੇ ਘਰ ਵਿਚ ਔਰਗੈਨਿਕ ਸਬਜ਼ੀਆਂ ਉਗਾ ਰਹੇ ਹਨ। ਉਨ੍ਹਾਂ ਦਾ ਘਰ ਦਾ ਵਿਹੜ਼ਾ ਤੇ ਛੱਤ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਨਾਲ ਮਹਿਕ ਰਿਹਾ ਹੈ। ਇਹ ਪੌਦੇ ਜਿੱਥੇ ਵੇਖਣ ਨੂੰ ਬਹੁਤ ਹੀ ਸੋਹਣੇ ਲੱਗਦੇ ਹਨ. ਉੱਥੇ ਹੀ ਇਨ੍ਹਾਂ ਕੋਲ ਖੜ੍ਹੇ ਹੋਣ ਨਾਲ ਹੀ ਬੜਾ ਚੰਗਾ ਜਿਹਾ ਮਹਿਸੂਸ ਹੁੰਦਾ ਹੈ। ਡਾ. ਇਕਬਾਲ ਮੁਤਾਬਕ ਇਹ ਬੂਟੇ ਘਰ ਦੀ ਖੂਬਸੂਰਤੀ ਨੂੰ ਹੀ ਨਹੀਂ ਵਧਾਉਂਦੇ, ਸਗੋਂ ਇਨ੍ਹਾਂ ਦੀ ਦੇਖਭਾਲ ਕਰਦਿਆਂ ਸਮਾਂ ਚੰਗਾ ਗੁਜਰ ਜਾਂਦਾ ਹੈ। ਦੱਸ ਦੇਈਏ ਕਿ ਡਾ. ਇਕਬਾਲ ਸਿੰਘ ਸਕਰੌਦੀ, ਸਿੱਖਿਆ ਵਿਭਾਗ ਚੋਂ ਰਿਟਾਇਰਡ ਪ੍ਰਿੰਸੀਪਲ ਹਨ। ਆਮ ਤੌਰ ਤੇ ਬਹੁਤੇ ਅਧਿਕਾਰੀ ਆਪਣੀ ਰਿਟਾਇਰਮੈਂਟ ਉਪਰੰਤ ਬਹੁਤ ਜ਼ਿਆਦਾ ਸੁਸਤ ਅਤੇ ਅਵੇਸਲੇ ਹੋ ਜਾਂਦੇ ਹਨ। ਪਰੰਤੂ ਡਾ. ਇਕਬਾਲ ਸਿੰਘ ਨੌਕਰੀ ਤੋ ਸੇਵਾਮੁਕਤ ਹੋਣ ਉਪਰੰਤ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ਼ ਜੁੜ ਕੇ ਸਮਾਜ ਸੇਵਾ ਦੇ ਕਾਰਜ ਕਰਨ ਵਿੱਚ ਜੁਟੇ ਹੋਏ ਹਨ। ਉਹ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਸੱਦਾ ਪੱਤਰ ਮਿਲਣ ਤੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਔਰਗੈਨਿਕ ਢੰਗ ਨਾਲ਼ ਸਬਜ਼ੀਆਂ ਅਤੇ ਫ਼ਲ ਉਗਾਉਣ ਲਈ ਵੀ ਪ੍ਰੇਰਿਤ ਕਰਨ ਲਈ ਜਾਂਦੇ ਰਹਿੰਦੇ ਹਨ। ਜੁਲਾਈ ਅਗਸਤ ਸਤੰਬਰ ਦੇ ਮਹੀਨਿਆਂ ਵਿੱਚ ਉਹ ਵਿੱਦਿਅਕ ਸੰਸਥਾਵਾਂ ਅਤੇ ਹੋਰ ਸਾਂਝੀਆਂ ਥਾਂਵਾਂ ਤੇ ਆਪਣੇ ਵੱਲੋਂ ਪੰਜ-ਪੰਜ ਫ਼ਲਦਾਰ ਬੂਟੇ ਵੀ ਲਾ ਕੇ ਆਉਂਦੇ ਹਨ। ਉਨ੍ਹਾਂ ਆਪਣੇ ਘਰ ਦੇ ਵਿਹੜੇ ਵਿੱਚ ਅਤੇ ਘਰ ਦੀ ਛੱਤ ਉੱਤੇ ਔਰਗੈਨਿਕ ਢੰਗ ਨਾਲ਼ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਪਿਛਲੇ ਪੰਜ ਸਾਲਾਂ ਤੋਂ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਵੱਲੋਂ ਕੀਤੀ ਜਾਂਦੀ ਔਰਗੈਨਿਕ ਢੰਗ ਦੀ ਖੇਤੀ ਨੂੰ ਦੇਖਣ ਲਈ ਮੰਗਲਵਾਰ ਨੂੰ ਡਾ. ਰਵਿੰਦਰ ਕੌਰ ਅਤੇ ਡਾ. ਵਟਿਸਟਾ ਧਵਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਵਿਸ਼ੇਸ਼ ਰੂਪ ਵਿੱਚ ਪੁੱਜੇ। ਡਾ. ਰਵਿੰਦਰ ਅਤੇ ਡਾ. ਵਟਿਸਟਾ ਧਵਨ ਨੇ ਡਾ. ਇਕਬਾਲ ਸਿੰਘ ਸਕਰੌਦੀ ਦੇ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਨ ਦੇ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਔਰਗੈਨਿਕ ਢੰਗ ਨਾਲ਼ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਸਾਨੂੰ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਜਾਂ ਘਰ ਦੀ ਛੱਤ ਉੱਤੇ ਜਰੂਰ ਕਰਨੀ ਚਾਹੀਦੀ ਹੈ। ਇਸ ਪ੍ਰਕਾਰ ਜਿੱਥੇ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਅਤੇ ਖ਼ੁਸ਼ਹਾਲ ਰਿਹਾ ਜਾ ਸਕਦਾ ਹੈ, ਉੱਥੇ ਹੀ ਸਾਫ਼ ਸੁਥਰੀਆਂ ਸਬਜ਼ੀਆਂ ਅਤੇ ਫ਼ਲ ਖਾਣ ਨਾਲ਼ ਸਿਹਤਯਾਬ ਰਿਹਾ ਜਾ ਸਕਦਾ ਹੈ। ਇਸ ਨਾਲ਼ ਬਹੁਤ ਸਾਰਾ ਧਨ, ਸਮਾਂ ਅਤੇ ਸ਼ਕਤੀ ਦੀ ਵੀ ਬੱਚਤ ਹੁੰਦੀ ਹੈ। ਡਾ. ਇਕਬਾਲ ਹੋਰਨਾਂ ਨੂੰ ਵੀ ਇਸ ਪਾਸੇ ਮੁੜਨ ਲਈ ਪ੍ਰੇਰਿਤ ਕਰਦੇ ਹਨ, ਤਾਂ ਜੋ ਲੋਕ ਬਜਾਰ ਵਿੱਚੋ ਜਹਿਰੀਲੀਆਂ ਸਬਜੀਆਂ ਖਾਣ ਦੀ ਥਾਂ ਆਪਣੇ ਘਰ ਵਿੱਚ ਹੀ ਬਗੀਚੀ ਤਿਆਰ ਕਰਕੇ ਚੰਗੀ ਤੰਦਰੁਸਤ ਜਿੰਦਗੀ ਜਿਉਂ ਸਕਦੇ ਹਨ।