ਸਾਰੇ ਤਿਉਹਾਰ ਸਾਂਝੇ ਤੌਰ ’ਤੇ ਮਨਾਉਣਾ ਪੰਜਾਬ ਦੀ ਪਛਾਣ : ਡਾ. ਬਲਬੀਰ
ਸਾਰੇ ਤਿਉਹਾਰ ਸਾਂਝੇ ਤੌਰ ‘ਤੇ ਮਨਾਉਣਾ ਪੰਜਾਬ ਦੀ ਪਹਿਚਾਣ: ਡਾ. ਬਲਬੀਰ
Publish Date: Sat, 21 Mar 2026 04:40 PM (IST)
Updated Date: Sat, 21 Mar 2026 04:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਵਿਕਾਸ ਨਗਰ ਦੀ ਮਸਜਿਦ ਵਿਖੇ ਈਦ ਦੇ ਪਵਿੱਤਰ ਮੌਕੇ ’ਤੇ ਸ਼ਿਰਕਤ ਕਰਦੇ ਹੋਏ ਮੁਸਲਿਮ ਭਾਈਚਾਰੇ ਸਮੇਤ ਸਮੂਹ ਪੰਜਾਬ ਵਾਸੀਆਂ ਨੂੰ ਈਦ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸਾਂਝੀ ਵਿਰਾਸਤ ਅਤੇ ਭਾਈਚਾਰੇ ਦੀ ਮਿਸਾਲ ਹੈ, ਜਿੱਥੇ ਹਰ ਧਰਮ ਦੇ ਲੋਕ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਏਕਤਾ ਅਤੇ ਪਿਆਰ ਸਾਡੇ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ। ਡਾ. ਬਲਬੀਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਦੇਸ਼ ਅਤੇ ਦੁਨੀਆ ਵਿੱਚ ਅਮਨ-ਚੈਨ ਬਣੇ ਰਹਿਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਸ਼ਵ ਸ਼ਾਂਤੀ ਦੀ ਸਭ ਤੋਂ ਵੱਧ ਲੋੜ ਹੈ ਅਤੇ ਜਿੱਥੇ ਵੀ ਦੇਸ਼ਾਂ ਵਿੱਚ ਟਕਰਾਅ ਚੱਲ ਰਹੇ ਹਨ, ਉਹ ਜਲਦੀ ਖਤਮ ਹੋਣ ਚਾਹੀਦੇ ਹਨ। ਉਨ੍ਹਾਂ ਦੁਆ ਕੀਤੀ ਕਿ ਪਰਮਾਤਮਾ ਸਾਰੇ ਦੇਸ਼ਾਂ ਨੂੰ ਸਮਝ ਬਖ਼ਸ਼ੇ ਤਾਂ ਜੋ ਉਹ ਲੜਾਈ ਦੀ ਬਜਾਏ ਗੱਲਬਾਤ ਅਤੇ ਸਹਿਯੋਗ ਦਾ ਰਾਹ ਅਪਣਾਉਣ। ਉਨ੍ਹਾਂ ਕਿਹਾ ਕਿ ਗੱਲਬਾਤ ਹੀ ਹਰ ਸਮੱਸਿਆ ਦਾ ਸਥਾਈ ਹੱਲ ਹੈ ਅਤੇ ਇਸ ਨਾਲ ਹੀ ਦੁਨੀਆ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਆ ਸਕਦੀ ਹੈ। ਇਸ ਮੌਕੇ ਸਥਾਨਕ ਵਾਸੀਆਂ ਅਤੇ ਧਾਰਮਿਕ ਅਗੂਆਂ ਨੇ ਵੀ ਡਾ. ਬਲਬੀਰ ਸਿੰਘ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਫਿਰ ਤੋਂ ਸਭ ਨੂੰ ਈਦ ਦੀਆਂ ਵਧਾਈਆਂ ਦਿੰਦਿਆਂ ਭਾਈਚਾਰੇ ਅਤੇ ਸ਼ਾਂਤੀ ਲਈ ਮਿਲਜੁਲ ਕੇ ਕੰਮ ਕਰਨ ਦੀ ਅਪੀਲ ਕੀਤੀ।