ਨਾਮਵਰ ਸ਼ਾਇਰ ਡਾ. ਅਮਰਜੀਤ ਕੌਂਕੇ ਸਬੰਧੀ ਰੂਬਰੂ ਪ੍ਰੋਗਰਾਮ ਕਰਵਾਇਆ
ਨਾਮਵਰ ਸ਼ਾਇਰ ਡਾ. ਅਮਰਜੀਤ ਕੌਂਕੇ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ
Publish Date: Mon, 02 Feb 2026 06:09 PM (IST)
Updated Date: Mon, 02 Feb 2026 06:13 PM (IST)

ਫੋਟੋ 2ਪੀਟੀਐਲ: 24 ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਲੇਖਕ ਸਭਾ ਸਮਾਣਾ ਵੱਲੋਂ ਪ੍ਰਸਿੱਧ ਸ਼ਾਇਰ, ਅਨੁਵਾਦਕ ਤੇ ਸੰਪਾਦਕ ਪ੍ਰਤਿਮਾਨ, ਡਾ. ਅਮਰਜੀਤ ਕੌਂਕੇ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਡਾ. ਕੌਂਕੇ ਨੇ ਆਪਣੀ ਸਾਹਿਤਕ ਯਾਤਰਾ ਬਾਰੇ ਵਿਸਤਾਰ ਪੂਰਵਕ ਚਾਨਣਾ ਪਾਇਆ। ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਵਿਤਾ ਦੀ ਪਰਿਭਾਸ਼ਾ ਬਾਰੇ ਕਿਹਾ ਕਿ ਕਵਿਤਾ ਮਨ ਦੇ ਸੂਖਮ ਭਾਵਾਂ ਦਾ ਪ੍ਰਗਟਾਵਾ ਹੁੰਦੀ ਹੈ। ਚਰਚਾ ਕਰਦਿਆਂ ਅਮਰਜੀਤ ਕੌਂਕੇ ਨੇ ਕਿਹਾ ਕਿ ਅਨੁਵਾਦ ਕੇਵਲ ਸ਼ਬਦਾਂ ਜਾਂ ਭਾਸ਼ਾ ਦਾ ਉਲਥਾ ਹੀ ਨਹੀਂ ਹੁੰਦਾ ਬਲਕਿ ਵਧੀਆ ਅਨੁਵਾਦ ਲਈ ਲੇਖਕ ਨੂੰ ਦੋਹਾਂ ਭਾਸ਼ਾਵਾਂ ਦੇ ਸੱਭਿਆਚਾਰ ਅਤੇ ਈਡੀਅਮਸ ਦੀ ਭਰਪੂਰ ਤੇ ਗਹਿਨ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਪੰਜਾਬੀ ਲੇਖਕ ਸਭਾ ’ਚ ਹਾਜ਼ਰ ਹੋਣ ਵਾਲੇ ਸ਼ਾਇਰ ਤੇ ਸਰੋਤੇ ਜਿਨ੍ਹਾਂ ’ਚ ਸਭਾ ਦੇ ਪ੍ਰਧਾਨ ਰਾਜਵੀਰ ਮੱਲ੍ਹੀ, ਗੋਪਾਲ ਸ਼ਰਮਾ, ਪ੍ਰਭਾਤ ਵਰਮਾ, ਵੀਰਇੰਦਰ ਘੰਗਰੋਲੀ, ਜਗਵਿੰਦਰ ਪਾਲ ਸ਼ਰਮਾ, ਬਲਵੰਤ ਪ੍ਰੀਤ,ਅਵਤਾਰ ਸਿੰਘ ਤਰਖਾਣ ਮਾਜਰਾ, ਸਤਪਾਲ ਸਮਾਨਵੀ, ਬਲਵੰਤ ਬੱਲੀ, ਸਰਪੰਚ ਬਚਿੱਤਰ ਸਿੰਘ ਬਾਦਸ਼ਾਹਪੁਰ,ਗੁਰਨਿਸ਼ਾਨ ਸਿੰਘ, ਡਾ. ਵਿਕਾਸ ਕੁਮਾਰ, ਤਜਿੰਦਰ ਸਿੰਘ, ਡਾ. ਪਰਮਿੰਦਰ ਕਕਰਾਲਾ, ਭਾਗ ਸਿੰਘ ਛੀਨਾ, ਗੁਰਪ੍ਰੀਤ ਕੌਰ ਛੀਨਾ, ਅੰਮ੍ਰਿਤਪਾਲ ਬਰਾੜ, ਕੋਮਲ ਸਮਾਣਾ, ਲਛਮਣ ਅਨਮੋਲ, ਡਾ. ਕਰਨੈਲ ਸਿੰਘ ਕਮਲ, ਇੰਦਰ ਪਰਵਾਜ਼, ਬੱਗਾ ਨਿਜਾਮਣੀ ਵਾਲਾ, ਗੋਲਡੀ ਸਮੇਤ ਪੰਜਾਹ ਦੇ ਕਰੀਬ ਲੇਖਕ ਦੋਸਤ ਸ਼ਾਮਿਲ ਹੋਏ। ਇਸ ਮੌਕੇ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਦੇ ਨਾਲ ਭਰਵੀਂ ਹਾਜ਼ਰੀ ਲਗਵਾਈ। ਮੰਚ ਸੰਚਾਲਨ ਤਰਲੋਚਨ ਮੀਰ ਨੇ ਕੀਤਾ। ਅਖੀਰ ’ਚ ਡਾ. ਅਮਰਜੀਤ ਕੌਂਕੇ ਨੂੰ ਪੰਜਾਬੀ ਲੇਖਕ ਸਭਾ, ਸਮਾਣਾ ਵੱਲੋਂ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।