ਕਮਰਸ਼ੀਅਲ ਕੰਮਾਂ ’ਚ ਵਰਤੇ ਜਾ ਰਹੇ ਘਰੇਲੂ ਗੈਸ ਸਿਲੰਡਰ
ਕਮਰਸ਼ੀਅਲ ਕੰਮਾਂ ’ਚ ਵਰਤੇ ਜਾ ਰਹੇ ਘਰੇਲੂ ਗੈਸ ਸਿਲੰਡਰ
Publish Date: Fri, 13 Mar 2026 06:11 PM (IST)
Updated Date: Sat, 14 Mar 2026 04:10 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿਚ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਦੁਕਾਨਾਂ ਤੇ ਰੇਹੜੀ-ਫੜੀ ਉੱਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਬਜਾਏ ਘਰੇਲੂ ਗੈਸ ਸਿਲੰਡਰਾਂ ਦੇ ਇਸਤੇਮਾਲ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਫੂਡ ਸਪਲਾਈ ਵਿਭਾਗ ਵੱਲੋਂ ਸਮੇਂ ਸਿਰ ਸਖ਼ਤੀ ਨਾ ਵਰਤਣ ਕਾਰਨ ਇਹ ਰੁਝਾਨ ਹੁਣ ਕਾਫ਼ੀ ਵੱਡੇ ਪੱਧਰ ’ਤੇ ਫੈਲ ਚੁੱਕਾ ਹੈ। ਬਾਜ਼ਾਰਾਂ ਵਿਚ ਖੁੱਲ੍ਹੇਆਮ ਘਰੇਲੂ ਸਿਲੰਡਰ ਵਰਤੇ ਜਾ ਰਹੇ ਹਨ, ਜਿਸ ਨਾਲ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ, ਸਗੋਂ ਆਮ ਖਪਤਕਾਰਾਂ ਲਈ ਵੀ ਮੁਸ਼ਕਲਾਂ ਪੈਦਾ ਹੋਣ ਦਾ ਖ਼ਤਰਾ ਬਣ ਰਿਹਾ ਹੈ। ਇੱਥੋਂ ਹੀ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਦੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਕਮਰਸ਼ੀਅਲ ਵਰਤੋਂਕਾਰ ਘਰੇਲੂ ਸਿਲੰਡਰ ਹਾਸਲ ਕਰਨ ਲਈ ਵੱਧ ਕੀਮਤ ਦੇਣ ਨੂੰ ਤਿਆਰ ਰਹਿੰਦੇ ਹਨ। ਦੂਜੇ ਪਾਸੇ, ਘਰੇਲੂ ਖ਼ਪਤਕਾਰ ਸਿਲੰਡਰ ਲੈਣ ਲਈ ਏਜੰਸੀਆਂ ਅਤੇ ਗੁਦਾਮਾਂ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ। ਜ਼ਿਲ੍ਹੇ ਵਿਚ ਗੈਸ ਸਿਲੰਡਰਾਂ ਦੀ ਕੋਈ ਵੱਡੀ ਕਮੀ ਤਾਂ ਨਹੀਂ ਹੈ, ਪਰ ਘਰੇਲੂ ਸਿਲੰਡਰਾਂ ਦਾ ਦੁਵਰਤੋ ਲਗਾਤਾਰ ਜਾਰੀ ਹੈ। ਸੰਗਰੂਰ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕਰਨ ’ਤੇ ਖਾਣ-ਪੀਣ ਦੀਆਂ ਰੇਹੜੀਆਂ, ਮਿਠਾਈਆਂ ਦੀਆਂ ਦੁਕਾਨਾਂ, ਹੋਟਲਾਂ ਤੇ ਢਾਬਿਆਂ ’ਤੇ ਘਰੇਲੂ ਗੈਸ ਸਿਲੰਡਰ ਵਰਤਦੇ ਵੇਖੇ ਗਏ। ਇੱਕਾ-ਦੁੱਕਾ ਰੇਹੜੀ ਜਾਂ ਢਾਬੇ ’ਤੇ ਹੀ ਕਮਰਸ਼ੀਅਲ ਗੈਸ ਸਿਲੰਡਰ ਲੱਗੇ ਮਿਲੇ। ਹਾਲਤ ਇਹ ਹਨ ਕਿ ਚਾਹ ਦੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਰੈਸਟੋਰੈਂਟਾਂ ਤੱਕ ਘਰੇਲੂ ਸਿਲੰਡਰ ਬੇਝਿਜਕ ਵਰਤੇ ਜਾ ਰਹੇ ਹਨ। ਰੇਹੜੀ-ਫੜੀ ਚਲਾਉਣ ਵਾਲਿਆਂ ਵਿਚ ਤਾਂ ਇਹ ਆਮ ਰਿਵਾਜ ਬਣ ਚੁੱਕਾ ਹੈ। ਅਜੇਹੇ ਹਾਲਾਤਾਂ ਵਿੱਚ ਘਰੇਲੂ ਖਪਤਕਾਰਾਂ ਲਈ ਸਿਲੰਡਰਾਂ ਦੀ ਉਪਲਬਧਤਾ ਪ੍ਰਭਾਵਿਤ ਹੋਣ ਦਾ ਖਤਰਾ ਬਣ ਸਕਦਾ ਹੈ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਚੈਕਿੰਗ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੱਸਦੀ ਹੈ। ਬਾਜ਼ਾਰਾਂ ਵਿੱਚ ਖੁੱਲ੍ਹੇਆਮ ਘਰੇਲੂ ਸਿਲੰਡਰ ਵਰਤੋਂ ਵਿੱਚ ਦਿਖਾਈ ਦੇ ਰਹੇ ਹਨ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਨਿਗਰਾਨੀ ਪ੍ਰਣਾਲੀ ਵਿੱਚ ਕਿਤੇ ਨਾ ਕਿਤੇ ਕਮੀ ਹੈ। ਜੇਕਰ ਵਪਾਰਕ ਸਥਾਨਾਂ ’ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਨਹੀਂ ਰੋਕੀ ਗਈ ਤਾਂ ਭਵਿੱਖ ਵਿੱਚ ਸਪਲਾਈ ਪ੍ਰਣਾਲੀ ‘ਤੇ ਦਬਾਅ ਵਧ ਸਕਦਾ ਹੈ। ਹਰ ਖਪਤਕਾਰ ਨੂੰ ਰਾਹਤ ਦੇਣ ਦਾ ਯਤਨ ਗੈਸ ਏਜੰਸੀ ਸੰਚਾਲਕ ਹਰੀ ਮੋਹਨ ਖੰਨਾ ਦਾ ਕਹਿਣਾ ਹੈ ਕਿ ਉਹ ਘਰੇਲੂ ਅਤੇ ਕਮਰਸ਼ੀਅਲ ਦੋਵੇਂ ਕਿਸਮ ਦੇ ਉਪਭੋਗਤਾਵਾਂ ਨੂੰ ਪੂਰੀ ਸਪਲਾਈ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਗੈਸ ਸਿਲੰਡਰਾਂ ਦੀ ਮਾਤਰਾ ਲਗਾਤਾਰ ਆ ਰਹੀ ਹੈ। ਘਰੇਲੂ ਖਪਤਕਾਰਾਂ ਵਿੱਚ ਬਿਨਾ ਕਾਰਨ ਹਾਹਾਕਾਰ ਜਿਹਾ ਮਚਿਆ ਹੋਇਆ ਹੈ ਅਤੇ ਲੋਕ ਗੈਸ ਏਜੰਸੀਆਂ ‘ਤੇ ਭੀੜ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨੇ ਵੀ ਖਪਤਕਾਰ ਉਨ੍ਹਾਂ ਕੋਲ ਪਹੁੰਚ ਰਹੇ ਹਨ, ਸਭ ਨੂੰ ਗੈਸ ਸਿਲੰਡਰ ਸਪਲਾਈ ਕੀਤੀ ਜਾ ਰਹੀ ਹੈ। ਖਪਤਕਾਰਾਂ ਦੀ ਸੁਵਿਧਾ ਲਈ ਸਾਰੇ ਪੱਕੇ ਪ੍ਰਬੰਧ ਕੀਤੇ ਗਏ ਹਨ। ਘਰੇਲੂ ਗੈਸ ਸਿਲਿੰਡਰਾਂ ਦੇ ਦੁਰੁਪਯੋਗ ਨੂੰ ਰੋਕਣ ਦੀ ਲੋੜ ਸ਼ਹਿਰ ਨਿਵਾਸੀ ਵਕੀਲ ਨਰੇਸ਼ ਜੁਨੇਜਾ, ਮਹਿੰਦਰ ਕੁਮਾਰ, ਸਰਬਜੀਤ ਸਿੰਘ ਅਤੇ ਪ੍ਰਵੀਨ ਬਾਂਸਲ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਲੋੜ ਹੈ ਕਿ ਫੂਡ ਸਪਲਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਵਿਆਪਕ ਮੁਹਿੰਮ ਚਲਾਉਣ। ਕਮਰਸ਼ੀਅਲ ਸਥਾਨਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਵਪਾਰੀਆਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਉਹ ਘਰੇਲੂ ਸਿਲੰਡਰਾਂ ਦੀ ਥਾਂ ਕਮਰਸ਼ੀਅਲ ਸਿਲੰਡਰ ਵਰਤਣ, ਤਾਂ ਜੋ ਘਰੇਲੂ ਗੈਸ ਦੀ ਬੇਵਜ੍ਹਾ ਵਧ ਰਹੀ ਖਪਤ ‘ਤੇ ਰੋਕ ਲੱਗ ਸਕੇ। ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋ ਰੋਕਣਾ ਨਾ ਸਿਰਫ਼ ਨਿਯਮਾਂ ਦੀ ਪਾਲਣਾ ਲਈ ਜ਼ਰੂਰੀ ਹੈ, ਸਗੋਂ ਆਮ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਵੀ ਲਾਜ਼ਮੀ ਹੈ। ਕਮਰਸ਼ੀਅਲ ਤੌਰ ’ਤੇ ਘਰੇਲੂ ਸਿਲੰਡਰ ਦੀ ਵਰਤੋਂ ਨਹੀਂ ਹੋਣ ਦੇਵਾਂਗੇ : ਡੀਐੱਫਐੱਸਸੀ ਡੀਐੱਫਐੱਸਸੀ ਮੇਜਰ ਗੁਰਪ੍ਰੀਤ ਸਿੰਘ ਕੰਗ ਦਾ ਕਹਿਣਾ ਹੈ ਕਿ ਫੂਡ ਸਪਲਾਈ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੀ ਸੰਯੁਕਤ ਟੀਮ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਵੀ ਜਾਂਚ ਜਾਰੀ ਰਹੀ ਹੈ। ਹੋਟਲਾਂ, ਢਾਬਿਆਂ, ਰੇਹੜੀ-ਫੜੀ ਅਤੇ ਦੁਕਾਨਾਂ ‘ਤੇ ਘਰੇਲੂ ਗੈਸ ਸਿਲੰਡਰਾਂ ਦਾ ਕਮਰਸ਼ੀਅਲ ਵਰਤੋਂ ਕਰਨਾ ਮਨਾਹੀ ਹੈ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਗੈਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਅਨੁਸਾਰ ਹੀ ਗੈਸ ਸਿਲੰਡਰ ਭਰਵਾਉਣ ਅਤੇ ਵਾਧੂ ਭੰਡਾਰ ਇਕੱਠਾ ਕਰਨ ਤੋਂ ਬਚਣ।