ਸੂਬੇ ਭਰ ‘ਚੋਂ 12ਵੇਂ ਸਥਾਨ ‘ਤੇ ਰਹੀ ਡੌਲਸੀ ਗੁਪਤਾ
ਸੂਬੇ ਭਰ ‘ਚੋਂ 12ਵੇਂ ਸਥਾਨ ‘ਤੇ ਰਹੀ ਯੰਗ ਫਾਰਮਰਜ਼ ਸਕੂਲ ਦੀ ਡੌਲਸੀ ਗੁਪਤਾ
Publish Date: Sun, 12 Apr 2026 06:05 PM (IST)
Updated Date: Mon, 13 Apr 2026 04:10 AM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ ਭਾਦਸੋਂ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਚ ਯੰਗ ਫਾਰਮਰਜ ਸਕੂਲ ਦਾ ਪੰਜਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਵਿਦਿਆਰਥੀਆਂ ਦਾ ਬੋਰਡ ਦੀਆਂ ਪ੍ਰੀਖਿਆਵਾਂ ਚ ਇੱਕ ਹੋਰ ਸਫ਼ਲਤਾ ਦੀ ਕਹਾਣੀ ਲਿਖਦੇ ਹੋਏ ਯੰਗ ਫ਼ਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਦੀ ਅੱਠਵੀਂ ਜਮਾਤ ਵਿਦਿਆਰਥਣ ਡੌਲਸੀ ਗੁਪਤਾ ਪੁੱਤਰੀ ਮਨੋਜ ਕੁਮਾਰ ਨੇ 98 ਫੀਸਦੀ ਅੰਕ ਲੈ ਕੇ ਪੰਜਾਬ ਵਿੱਚ ਬਾਰਵਾਂ (12) ਰੈਂਕ ਹਾਸਲ ਕਰ ਕੇ ਸੂਬੇ ਭਰ ’ਚ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ ਤੇ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਇਸੇ ਤਰਾਂ ਵਿਦਿਆਰਥਣ ਡੌਲਸੀ ਦੇ ਭਰਾ ਤਾਨਿਸ਼ ਗੁਪਤਾ, ਅਵਨੀਤ ਕੌਰ ਤੇ ਮੋਕਸ਼ਾ ਸ਼ਰਮਾ ਨੇ ਪੰਜਵੀਂ ਜਮਾਤ ਵਿੱਚੋਂ 100 ਫੀਸਦੀ ਅ਼ੰਕ ਲੈ ਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ । ਇਹਨਾਂ ਬੱਚਿਆਂ ਨੇ ਅੱਜ ਦੇ ਟਿਊਸ਼ਨਾਂ ਦੇ ਦੌਰ ਵਿੱਚ ਬਿਨਾਂ ਕਿਸੇ ਟਿਊਸ਼ਨ ਤੋਂ ਸਵੈ-ਅਧਿਐਨ ਨਾਲ ਇਹ ਸਫ਼ਲਤਾ ਦਾ ਇਤਿਹਾਸ ਰਚਿਆ ਹੈ। ਇਸ ਤੋਂ ਇਲਾਵਾ ਅੱਠਵੀਂ ਜਮਾਤ ਦੀ ਸਮਰੀਤ ਕੌਰ, ਤਸਨੀਮ ਪੰਧੇਰ, ਪ੍ਰਭਜੋਤ ਕੌਰ, ਵਿੱਕੀ ਕੁਮਾਰ ਸਿੰਘ, ਅਵਨੀਤ ਕੌਰ ਤੇ ਹਰਸੀਰਤ ਕੌਰ ਅਤੇ ਪੰਜਵੀਂ ਜਮਾਤ ਦੇ 14 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ। ਡੌਲਸੀ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਡਾਕਟਰ ਬਣ ਕੇ ਲੋੜਵੰਦਾਂ ਦਾ ਇਲਾਜ ਕਰਨਾ ਚਾਹੁੰਦੀ ਹੈ। ਪ੍ਰਿੰਸੀਪਲ ਮਨਦੀਪ ਗਰੇਵਾਲ ਨੇ ਨਤੀਜਾ ਦੇਖ ਕੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਸਫਲਤਾ ਲਗਭਗ ਪੂਰੀ ਤਰ੍ਹਾਂ ਸਾਡੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਚਕੀਲੇਪਣ ਤੇ ਦ੍ਰਿੜਤਾ, ਤਜਰਬੇਕਾਰ ਤੇ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਦੀ ਮਿਸਾਲੀ ਕੋਸਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਵਾਂਗ ਬਾਕੀ ਵਿਦਿਆਰਥੀਆਂ ਨੂੰ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਸਖਤ ਮਿਹਨਤ ਕਰਨੀ ਚਾਹੀਦੀ ਹੈ। ਚੇਅਰਮੈਨ ਅਬਜਿੰਦਰ ਸਿੰਘ ਗਰੇਵਾਲ, ਚੰਦਰ ਦੀਪ ਗਰੇਵਾਲ ਐੱਮਡੀ., ਮਨਦੀਪ ਗਰੇਵਾਲ ਪ੍ਰਿੰਸੀਪਲ ਅਤੇ ਜਸ਼ਨਦੀਪ ਕੁਮਾਰ ਵਾਈਸ ਪ੍ਰਿੰਸੀਪਲ ਨੇ ਇਸ ਸ਼ਾਨਦਾਰ ਸਫ਼ਲਤਾ ਲਈ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਕਾਮਨਾ ਕੀਤੀ।