- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਦੀਪ ਸਿੰਘ 'ਐਕਸੀਲੈਂਸ ਇਨ ਡੈਂਟਲ ਹੈਲਥ ਕੇਅਰ ਐਵਾਰਡ' ਨਾਲ ਸਨਮਾਨਿਤ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਦੇ ਸਿਰਮੌਰ ਅਖ਼ਬਾਰ 'ਪੰਜਾਬੀ ਜਾਗਰਣ' ਵੱਲੋਂ ਚੰਡੀਗੜ੍ਹ ਦੇ ਆਲੀਸ਼ਾਨ ਹੋਟਲ ਹਯਾਤ ਰੀਜੈਂਸੀ ਵਿਖੇ ਇਕ ਵਿਸ਼ੇਸ਼ 'ਹੈਲਥ ਕੇਅਰ ਐਵਾਰਡ 2026' ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਸਾਬਕਾ ਕੇਂਦਰੀ ਮੰਤਰੀ ਅਤੇ ਹਮੀਰਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਮਾਜ ਦੇ ਵਿਭਿੰਨ ਖੇਤਰਾਂ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਪਟਿਆਲਾ ਦੇ ਪ੍ਰਸਿੱਧ ਦੰਦਾਂ ਦੇ ਮਾਹਿਰ ਡਾ. ਦੀਪ ਸਿੰਘ ਦਾ ਨਾਮ ਵਿਸ਼ੇਸ਼ ਤੌਰ 'ਤੇ ਸ਼ਾਮਲ ਰਿਹਾ। ਲੋਕ ਸਭਾ ਮੈਂਬਰ ਅਨੁਰਾਗ ਠਾਕੁਰ, ਜਾਗਰਣ ਗਰੁੱਪ ਦੇ ਸੀਜੀਐਮ ਮੋਹਿੰਦਰ ਕੁਮਾਰ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਵਲੋਂ ਡਾ. ਦੀਪ ਸਿੰਘ ਨੂੰ ਸਨਮਾਨਿਤ ਕਰਦਿਆਂ ਉਨਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਡਾ. ਦੀਪ ਸਿੰਘ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਦੇ ਖੇਤਰ ਵਿਚ ਕੀਤੀਆਂ ਗਈਆਂ ਨਿਸ਼ਕਾਮ ਸੇਵਾਵਾਂ ਅਤੇ ਪੇਸ਼ੇਵਰ ਮੁਹਾਰਤ ਲਈ ਦਿੱਤਾ ਗਿਆ ਹੈ।
-ਸਮਾਜਿਕ ਯੋਗਦਾਨ ਤੇ ਮੁਫ਼ਤ ਇਲਾਜ
ਡਾ. ਦੀਪ ਸਿੰਘ ਦਾ ਹੁਣ ਤੱਕ ਦਾ ਸਫ਼ਰ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਵੱਲੋਂ ਹੁਣ ਤੱਕ 100 ਦੇ ਕਰੀਬ ਦੰਦਾਂ ਦੇ ਜਾਂਚ ਕੈਂਪ ਲਗਾਏ ਜਾ ਚੁੱਕੇ ਹਨ। ਇਨ੍ਹਾਂ ਕੈਂਪਾਂ ਰਾਹੀਂ ਹਜ਼ਾਰਾਂ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਬਹੁਤ ਹੀ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ 'ਦਰਦ ਰਹਿਤ' ਤਰੀਕੇ ਨਾਲ ਦੰਦ ਅਤੇ ਜਾੜ ਕੱਢਣ ਦੀ ਸੇਵਾ ਪ੍ਰਦਾਨ ਕਰਦੇ ਹਨ, ਜਿਸ ਕਾਰਨ ਮਰੀਜ਼ਾਂ ਵਿੱਚ ਉਨ੍ਹਾਂ ਪ੍ਰਤੀ ਭਰੋਸਾ ਬਣਿਆ ਹੋਇਆ ਹੈ।
-ਓਰਲ ਕੈਂਸਰ ਵਿਰੁੱਧ ਜੰਗ
ਡਾਕਟਰੀ ਇਲਾਜ ਦੇ ਨਾਲ-ਨਾਲ ਡਾ. ਦੀਪ ਸਿੰਘ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਈ ਮਰੀਜ਼ਾਂ ਨੂੰ ਮੂੰਹ ਦੇ ਕੈਂਸਰ (ਓਰਲ ਕੈਂਸਰ) ਵਰਗੀ ਭਿਆਨਕ ਬਿਮਾਰੀ ਦੇ ਲਪੇਟ ਵਿੱਚੋਂ ਕੱਢਿਆ ਹੈ। ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਉਂਦਿਆਂ ਉਨ੍ਹਾਂ ਨੇ ਅਣਗਿਣਤ ਨੌਜਵਾਨਾਂ ਨੂੰ ਬੀੜੀ, ਸਿਗਰੇਟ ਅਤੇ ਤੰਬਾਕੂ ਵਰਗੀਆਂ ਲਾਹਨਤਾਂ ਤੋਂ ਛੁਡਵਾ ਕੇ ਇੱਕ ਸਿਹਤਮੰਦ ਜੀਵਨ ਵੱਲ ਮੋੜਿਆ ਹੈ। ਡਾ. ਦੀਪ ਸਿੰਘ ਨੇ ਕਹਿੰਦੇ ਹਨ ਕਿ ‘ਜਿਸ ਤਰ੍ਹਾਂ ਘਰ ਦੀ ਦਹਲੀਜ਼ ਨੂੰ ਸਾਫ਼ ਰੱਖਣਾ ਜ਼ਰੂਰੀ ਹੈ, ਉਸੇ ਤਰ੍ਹਾਂ ਦੰਦਾਂ ਨੂੰ ਸਾਫ਼ ਰੱਖਣਾ ਇਨਸਾਨ ਦੀ ਜ਼ਿੰਮੇਵਾਰੀ ਹੈ ਕਿਉਂਕਿ ਦੰਦਾਂ ਰਾਹੀਂ ਹੀ ਭੋਜਨ ਸਰੀਰ ਵਿੱਚ ਜਾਂਦਾ ਹੈ ਅਤੇ ਖੂਨ ਬਣਦਾ ਹੈ।
-ਗੁਰੂ ਨਾਨਕ ਦੇਵ ਡੈਂਟਲ ਕੇਅਰ ਦੀਆਂ ਸੇਵਾਵਾਂ
ਪਟਿਆਲਾ ਦੇ ਫੈਕਟਰੀ ਏਰੀਆ, ਉਪਕਾਰ ਨਗਰ ਵਿਖੇ ਸਥਿਤ 'ਗੁਰੂ ਨਾਨਕ ਦੇਵ ਡੈਂਟਲ ਕੇਅਰ' ਰਾਹੀਂ ਉਹ ਆਪਣੀਆਂ ਸੇਵਾਵਾਂ ਲਗਾਤਾਰ ਜਾਰੀ ਰੱਖ ਰਹੇ ਹਨ। ਇੱਥੇ ਮਰੀਜ਼ਾਂ ਨੂੰ ਨਾ ਸਿਰਫ਼ ਸਹੀ ਡਾਕਟਰੀ ਸਲਾਹ ਦਿੱਤੀ ਜਾਂਦੀ ਹੈ, ਬਲਕਿ ਬਹੁਤ ਹੀ ਵਾਜਬ ਦਰਾਂ 'ਤੇ ਉੱਚ ਪੱਧਰੀ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਐਵਾਰਡ ਮਿਲਣ 'ਤੇ ਪਟਿਆਲਾ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਡਾ. ਦੀਪ ਸਿੰਘ ਨੂੰ ਵਧਾਈ ਦਿੱਤੀ ਹੈ ਅਤੇ ਉਮੀਦ ਜਤਾਈ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋਕ ਸੇਵਾ ਦੇ ਕਾਰਜ ਜਾਰੀ ਰੱਖਣਗੇ।