ਸਮਾਣਾ ਦੇ ਬੱਸ ਅੱਡੇ ਨੇੜੇ ਟਰੰਪ ਦਾ ਪੁਤਲਾ ਫੂਕਿਆ
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਾਮਰਾਜ ਵਿਰੋਧੀ ਦਿਹਾੜਾ ਮਨਾਉਂਦੇ ਹੋਏ ਫੁਕਿਆ ਟਰੰਪ ਦਾ ਪੁਤਲਾ
Publish Date: Mon, 23 Mar 2026 04:32 PM (IST)
Updated Date: Mon, 23 Mar 2026 04:34 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਤੀ ਮੰਦਰ ਪਾਰਕ ਵਿਖੇ ਇਕੱਠੇ ਹੋ ਕੇ ਸਾਮਰਾਜ ਵਿਰੋਧੀ ਦਿਹਾੜਾ ਮਨਾਉਂਦੇ ਹੋਏ ਸਮਾਣਾ ਦੇ ਬੱਸ ਸਟੈਂਡ ਕੋਲ ਟਰੰਪ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਤੀ ਮੰਦਿਰ ਪਾਰਕ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬੀਕੇਯੂ ਲੱਖੋਵਾਲ ਦੇ ਦਲਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਕੁਲਬੀਰ ਸਿੰਘ ਟੋਡਰਪੁਰ, ਬੀਕੇਯੂ ਡਕੌਂਦਾ ਵੱਲੋਂ ਸੁਖਵਿੰਦਰ ਸਿੰਘ ਫਤਿਹਮਾਜਰੀ,ਪੈਨਸ਼ਨ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਕ੍ਰਿਸ਼ਨ ਸਿੰਘ ਕੁਲਵਾਣੂ, ਫੈਡਰੇਸ਼ਨ ਵੱਲੋਂ ਹਰਦੇਵ ਸਿੰਘ ਤੇ ਗੁਰਬਖਸ਼ ਸਿੰਘ ਨੇ ਆਖਿਆ ਕਿ ਸਾਡੇ ਸ਼ਹੀਦਾਂ ਨੇ ਬਰਾਬਰੀ ਵਾਲੇ ਦੇਸ਼ ਦਾ ਸੁਪਨਾ ਵੇਖਿਆ ਸੀ ਪਰ ਸਾਡੇ ਮੁਲਕ ਦੇ ਹਾਕਮ ਲਗਾਤਾਰ ਸਾਮਰਾਜੀ ਮੁਲਕਾਂ ਦੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਦੇਸ਼ ਨੂੰ ਵੇਚਣ ਵਾਲੇ ਸਮਝੌਤੇ ਕਰ ਰਹੇ ਹਨ ਜਿਸ ਦੇ ਸਿੱਟੇ ਵਜੋਂ ਕੇਂਦਰ ਦੀ ਮੋਦੀ ਸਰਕਾਰ ਵਪਾਰ ਮੁਕਤ ਸਮਝੌਤਾ, ਬਿਜਲੀ ਸੋਧ ਬਿਲ,ਬੀਜ ਬਿਲ ,ਚਾਰ ਲੇਬਰ ਕੋਰਡ ਅਤੇ ਜੀ ਰਾਮ ਜੀ ਆਦਿ ਕਾਨੂੰਨ ਲਿਆ ਕੇ ਲਗਾਤਾਰ ਲੋਕ ਮਾਰੂ ਫੈਸਲੇ ਕਰ ਰਹੇ ਹਨ। ਆਗੂਆਂ ਨੇ ਆਖਿਆ ਕਿ ਅਮਰੀਕਾ ਵੱਲੋਂ ਆਪਣੀ ਚੌਧਰ ਨੂੰ ਕਾਇਮ ਰੱਖਣ ਲਈ ਕਈ ਦੇਸ਼ਾਂ ਨਾਲ ਜੰਗਾਂ ਲਾਈਆਂ ਜਾ ਰਹੀਆਂ ਹਨ ਜਿਸ ਨਾਲ ਆਮ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਅਤੇ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ ਇਸ ਮੌਕੇ ਜਸਵਿੰਦਰ ਸਿੰਘ ਸੋਜਾ, ਜਸਵੀਰ ਸਿੰਘ, ਕ੍ਰਿਸ਼ਨ ਸਿੰਘ ਕਲਵਾਨੂ, ਪਰਗਟ ਸਿੰਘ, ਸ਼ੇਰ ਸਿੰਘ ਕਾਕੜਾ, ਮੋਹਰ ਸਿੰਘ, ਅੰਗਰੇਜ਼ ਸਿੰਘ, ਜੋਗਾ ਸਿੰਘ ਅਤੇ ਰਣਧੀਰ ਸਿੰਘ ਕਾਦਰਾਬਾਦ ਆਦਿ ਆਗੂ ਵੀ ਹਾਜ਼ਰ ਸਨ।