ਪ੍ਰੇਮ ਸਬੰਧਾਂ ’ਚ ਅਣਬਣ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਪ੍ਰੇਮ ਸਬੰਧਾਂ 'ਚ ਅਣਬਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Publish Date: Tue, 03 Feb 2026 06:07 PM (IST)
Updated Date: Wed, 04 Feb 2026 04:06 AM (IST)

ਕੁੜੀ ਨਾਲ ਤਕਰਾਰ ਤੋਂ ਬਾਅਦ ਮਿਲ ਰਹੀਆਂ ਸੀ ਧਮਕੀਆਂ ਲੜਕੀ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ਼ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪ੍ਰੇਮ ਸਬੰਧਾਂ ਵਿਚ ਅਣਬਣ ਤੇ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਪਰੇਸ਼ਾਨ ਸਥਾਨਕ ਸ਼ਹਿਰ ਦੀ ਪੀਰ ਬੰਨਾ ਬਨੋਈ ਰੋਡ ’ਤੇ ਰਹਿੰਦੇ ਇਕ ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸਾਹਿਲ (22) ਪੁੱਤਰ ਸੰਜੀਵ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਲੜਕੀ ਸਮੇਤ ਚਾਰ ਵਿਅਕਤੀਆਂ ਵਿਰੁੱਧ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਾਹਿਲ ਦਾ ਸ਼ਹਿਰ ਦੀ ਹੀ ਕੁੜੀ ਨਾਲ ਪ੍ਰੇਮ ਸਬੰਧ ਸੀ। ਲੰਘੇ ਦਿਨ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਸਾਹਿਲ ਨੂੰ ਲਗਾਤਾਰ ਡਰਾਇਆ-ਧਮਕਾਇਆ ਜਾ ਰਿਹਾ ਸੀ। ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਸਾਹਿਲ ਨੇ ਆਪਣੇ ਘਰ ਵਿਚ ਹੀ ਕੋਈ ਜ਼ਹਿਰੀਲੀ ਵਸਤੂ ਨਿਗਲ਼ ਲਈ, ਹਾਲਤ ਵਿਗੜਦੀ ਦੇਖ ਪਰਿਵਾਰ ਵੱਲੋਂ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਲੜਕੀ ਗਗਨਦੀਪ ਤੇ ਤਿੰਨ ਹੋਰ ਨੌਜਵਾਨਾਂ ਸੈਂਪੂ, ਵਿਜੇ ਤੇ ਦੀਪੂ ਦੇ ਖ਼ਿਲਾਫ਼ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।