ਇਨਸਾਫ ਲਈ ਦਰ-ਦਰ ਠੋਕਰਾਂ ਖਾ ਰਹੇ ਅੰਗਹੀਣ ਮਾਪੇ
ਇਨਸਾਫ ਲਈ ਦਰ-ਦਰ ਠੋਕਰਾਂ ਖਾ ਰਹੇ ਅੰਗਹੀਣ ਮਾਪੇ
Publish Date: Fri, 16 Jan 2026 04:06 PM (IST)
Updated Date: Sat, 17 Jan 2026 04:01 AM (IST)

ਪੁਲਿਸ ’ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਲਾਏ ਦੋਸ਼ ਇਨਸਾਫ ਨਾ ਮਿਲਿਆ ਤਾਂ ਡੀਐੱਸਪੀ ਦਫ਼ਤਰ ਅੱਗੇ ਬੈਠਾਂਗੇ ਮਰਨ ਵਰਤ ’ਤੇ : ਜਗਸੀਰ\ਬੀਰਪਾਲ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਸੰਗਰੂਰ : ਐੱਸਸੀ ਭਾਈਚਾਰੇ ਨਾਲ ਸਬੰਧਿਤ ਆਜ਼ਾਦੀ ਘੁਲਾਟੀਆਂ ਪਰਿਵਾਰ ਦੇ ਮਾਸਟਰ ਜਗਸੀਰ ਸਿੰਘ ਰੋਗਲਾ ਤੇ ਉਨ੍ਹਾਂ ਦੀ ਪਤਨੀ ਬੀਰਪਾਲ ਕੌਰ ਨੇ ਆਪਣੇ ਨਾਬਾਲਗ ਪੁੱਤਰ ਜੋਬਨਬੀਰ ਸਿੰਘ ਦੇ ਖੁਦਕੁਸ਼ੀ ਮਾਮਲੇ ਵਿਚ ਇਨਸਾਫ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ 7 ਫਰਵਰੀ ਤਕ ਇਨਸਾਫ ਨਾ ਮਿਲਿਆ ਤਾਂ ਉਹ (ਦੋਵੇਂ ਪਤੀ-ਪਤਨੀ) ਡੀਐੱਸਪੀ ਦਿੜ੍ਹਬਾ ਦਫ਼ਤਰ ਅੱਗੇ ਮਰਨ ਵਰਤ ’ਤੇ ਬੈਠਣਗੇ। ਇਸ ਦੌਰਾਨ ਭਾਰਤੀ ਅੰਬੇਦਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਦੋਵਾਂ ਨੂੰ ਮਿਸ਼ਨ ਵੱਲੋਂ ਉਨ੍ਹਾਂ ਦੀ ਲੜਾਈ ’ਚ ਸਹਿਯੋਗ ਦੇਣ ਦੀ ਗੱਲ ਆਖੀ। ਸਥਾਨਕ ਅਗਰਵਾਲ ਧਰਮਸ਼ਾਲਾ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੋਬਨਬੀਰ ਸਿੰਘ ਨੇ ਕੁਝ ਸਾਲ ਪਹਿਲਾਂ ਕੁੱਟਮਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਕੇ ਘਰ ਵਿਚ ਹੀ ਖੁਦਕੁਸ਼ੀ ਕਰ ਲਈ ਸੀ। ਇਸ ਸਬੰਧੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਦਿੜ੍ਹਬਾ ਦੀ ਪੁਲਿਸ ਵੱਲੋਂ ਰਣਧੀਰ ਸਿੰਘ ਵਾਸੀ ਪਿੰਡ ਲਦਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਗਸੀਰ ਸਿੰਘ ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਕੁੱਟਮਾਰ ਕਰਨ ਵਾਲੇ ਕਾਫੀ ਲੋਕ ਸਨ, ਪਰ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਹੀ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਸੀ ਜਦੋਂ ਕਿ ਜੋਬਨਬੀਰ ਨੇ ਵੀ ਖੁਦਕੁਸ਼ੀ ਨੋਟ ਵਿਚ ਕਾਫੀ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ’ਤੇ 2 ਹੋਰ ਵਿਅਕਤੀਆਂ ਨੂੰ ਵੀ ਨਾਮਜਦ ਕੀਤਾ ਸੀ ਪਰੰਤੂ ਦੋਵੇਂ ਵਿਅਕਤੀ ਪੁਲਿਸ ਦੀ ਪਹੁੰਚ ਤੋਂ ਦੂਰ ਸਨ ਜੋ ਦੋਵੇਂ ਹੀ ਵਿਦੇਸ਼ ਜਾਣ ਦੀ ਤਾਕ ਵਿਚ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਪਰ ਪੁਲਿਸ ਨੇ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ। ਬਹੁਤ ਦੁੱਖ ਦੀ ਗੱਲ ਹੈ ਕਿ ਪੁਲਿਸ ਅਜੇ ਤਕ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਆਪਣੇ ਪੁੱਤਰ ਦੇ ਕਾਤਲਾਂ ਵਿੱਚੋਂ ਬਾਕੀ ਰਹਿ ਗਏ ਨਾਮਜਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।