ਲਹਿਰਾ ਦੇ ਕਈ ਵਾਰਡਾਂ ’ਚ ਆ ਰਿਹਾ ਗੰਧਲਾ ਪਾਣੀ, ਲੋਕ ਹੋ ਰਹੇ ਬਿਮਾਰ
ਲਹਿਰਾ ਦੇ ਕਈ ਵਾਰਡਾਂ ’ਚ ਆ ਰਿਹਾ ਗੰਧਲਾ ਪਾਣੀ, ਲੋਕ ਹੋ ਰਹੇ ਬਿਮਾਰ
Publish Date: Tue, 10 Feb 2026 05:38 PM (IST)
Updated Date: Wed, 11 Feb 2026 04:03 AM (IST)

80 ਫੀਸਦੀ ਮੁਸ਼ਕਿਲ ਹੱਲ, ਬਾਕੀ ਛੇਤੀ ਹੋਵੇਗੀ ਠੀਕ : ਪ੍ਰਧਾਨ ਗੋਇਲ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਹਿਰ ਦੇ ਪਿੰਡ ਵਾਲੇ ਪਾਸੇ ਕਈ ਵਾਰਡਾਂ ਵਿੱਚ ਵਾਟਰ ਵਰਕਸ ਵੱਲੋਂ ਘਰਾਂ ਵਿੱਚ ਕੀਤੇ ਜਾ ਰਹੇ ਪੀਣ ਯੋਗ ਪਾਣੀ ਦੀ ਸਪਲਾਈ ਵਿੱਚ ਗੰਦਲਾ ਅਤੇ ਬਦਬੂਦਾਰ ਪਾਣੀ ਆ ਰਿਹਾ ਹੈ। ਜਿਸ ਕਾਰਨ ਬਹੁਤੇ ਪਰਿਵਾਰ ਨਹਿਰ ਅਤੇ ਸਥਾਨਕ ਨਰਸਰੀ ਤੋਂ ਲਿਆ ਕੇ ਪਾਣੀ ਦੀ ਵਰਤੋਂ ਕਰ ਰਹੇ ਹਨ ਜਾਂ ਫਿਰ ਕਿਸਾਨਾਂ ਦੀਆਂ ਮੋਟਰਾਂ ਤੋਂ ਪਾਣੀ ਲਿਆਉਂਦੇ ਹਨ। ਇਸ ਸਬੰਧੀ ਪੀਪੀਸੀਸੀ ਮੈਂਬਰ ਅਤੇ ਕਾਂਗਰਸੀ ਆਗੂ ਦੁਰਲੱਭ ਸਿੰਘ ਸਿੱਧੂ ਨੇ ਦੱਸਿਆ ਕਿ ਸੀਵਰੇਜ ਦੀ ਮਿਲਾਵਟ ਵਾਲਾ ਪਾਣੀ ਪੀਣ ਨਾਲ ਸ਼ਹਿਰ ਦੇ ਬਹੁ ਗਿਣਤੀ ਲੋਕ ਪੀਲੀਏ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਵੱਲੋਂ ਇਸ ਸਬੰਧੀ ਸ਼ਹਿਰ ਵਿੱਚ ਫਲੈਕਸਾਂ ਵੀ ਲਵਾਈਆਂ ਜਾ ਚੁੱਕੀਆਂ ਹਨ, ਕਿ ਨਲਕਿਆਂ ਅਤੇ ਟੂਟੀਆਂ ਦਾ ਪਾਣੀ ਸਿੱਧਾ ਨਾਂ ਪੀਓ, ਪਾਣੀ ਉਬਾਲਣ ਉਪਰੰਤ ਹੀ ਪੀਤਾ ਜਾਵੇ, ਪੇਟ ਦਰਦ, ਉਲਟੀ, ਬੁਖਾਰ ਜਾਂ ਪੀਲੀਏ ਦੀ ਸ਼ਿਕਾਇਤ ਹੋਣ ਤੇ ਤੁਰੰਤ ਡਾਕਟਰ ਕੋਲੋਂ ਇਲਾਜ ਕਰਵਾਓ ਤਾਂ ਜੋ ਲੋਕ ਪੜ ਕੇ ਇਸ ਪ੍ਰਤੀ ਸੁਚੇਤ ਹੋ ਸਕਣ ਅਤੇ ਵਾਟਰ ਵਰਕਸ ਵਾਲਾ ਪਾਣੀ ਪੀਣ ਲਈ ਨਾ ਵਰਤਣ। ਸਾਬਕਾ ਟਰੱਕ ਯੂਨੀਅਨ ਪ੍ਰਧਾਨ ਗੁਰੀ ਚਹਿਲ ਨੇ ਕਿਹਾ ਕਿ ਸੀਵਰੇਜ ਮਿਕਸ ਪਾਣੀ ਪੀਣ ਨਾਲ ਸ਼ਹਿਰ ਦੇ ਲੋਕ ਪੀਲੀਏ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਬੋਰੈਟਰੀਆਂ ਦੇ ਟੈਸਟਾਂ ਵਿੱਚ ਜ਼ਿਆਦਾਤਰ ਪੀਲੀਏ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਨਗਰ ਕੌਂਸਲ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਤੁਰੰਤ ਧਿਆਨ ਦੀ ਦੇਣ ਦੀ ਲੋੜ ਹੈ। ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਦੱਸਿਆ ਕਿ ਇਸ ਸਬੰਧੀ ਸਾਡੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ। ਕਿਉਂਕਿ ਸਾਡਾ ਸਭ ਤੋਂ ਮੁੱਢਲਾ ਫਰਜ਼ ਸਾਫ ਪਾਣੀ ਮੁਹਈਆ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਕਾਫ਼ੀ ਵਾਰਡਾਂ ਵਿੱਚ ਹੱਲ ਹੋ ਚੁੱਕਿਆ ਹੈ ਫਿਰ ਵੀ ਜਦੋਂ ਕਿਤੇ ਸਮੱਸਿਆ ਧਿਆਨ ਵਿੱਚ ਆਉਂਦੀ ਹੈ ਤਾਂ ਟੀਮ ਤੁਰੰਤ ਉੱਥੇ ਪਹੁੰਚ ਕੇ ਉਸ ਦਾ ਹੱਲ ਕਰ ਰਹੀ ਹੈ। ਉਹਨਾਂ ਦੱਸਿਆ ਕਿ 15 ਨੰਬਰ ਵਾਰਡ ਵਿੱਚ ਕਨੈਕਸ਼ਨ ਗਲੇ ਹੋਏ ਸਨ ਜਿਸ ਕਾਰਨ ਪਾਣੀ ਵਾਪਸ ਪਾਇਪਾਂ ਰਾਹੀਂ ਜਾ ਕੇ ਘਰਾਂ ਵਿੱਚ ਸਪਲਾਈ ਹੋ ਰਿਹਾ ਸੀ, ਉਹ ਕਨੈਕਸ਼ਨ ਬਦਲ ਦਿੱਤੇ ਹਨ। ਪ੍ਰਧਾਨ ਨੇ ਦੱਸਿਆ ਕਿ ਪੀਲੀਏ ਦਾ ਕਾਰਨ ਇਕੱਲਾ ਪਾਣੀ ਨਹੀਂ ਹੋਰ ਵੀ ਕਾਰਨ ਹੋ ਸਕਦੇ ਹਨ। ਪਾਣੀ ਸਬੰਧੀ ਬਾਹਰੋਂ ਟੀਮਾਂ ਬਣਾ ਕੇ ਹੱਲ ਵੀ ਕਰਵਾਇਆ ਹੁਣ ਵੀ ਜੇ ਕਿਤੇ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਹੱਲ ਕੀਤਾ ਜਾਂਦਾ ਹੈ। ਕਾਰਜ ਸਾਧਕ ਅਫਸਰ ਰਮਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਕਨੈਕਸ਼ਨ ਚੈੱਕ ਕੀਤੇ ਜਾ ਰਹੇ ਹਨ। ਲੀਕ ਪਾਇਪਾਂ ਠੀਕ ਕੀਤੀਆਂ ਜਾ ਰਹੀਆਂ ਹਨ 15 ਨੰਬਰ ਵਾਰਡ ਦੀ ਮੁੱਖ ਲਾਈਨ ਵਿੱਚ ਚਾਰ ਸੁਰਾਖ ਮਿਲੇ ਜਿਸ ਕਾਰਨ ਗੰਦਾ ਪਾਣੀ ਆ ਰਿਹਾ ਸੀ ਉਹ ਵੀ ਠੀਕ ਕਰ ਦਿੱਤੇ ਸਨ। 80 ਫੀਸਦੀ ਪਾਣੀ ਦੀ ਸਪਲਾਈ ਠੀਕ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਨੌ ਨੰਬਰ ਵਾਰਡ ਵਿੱਚ 650 ਫੁੱਟ ਪਾਈਪਲਾਈਨ ਦਾ ਟੈਂਡਰ ਪਾ ਕੇ ਨਵੀਂ ਪਾਈਪਲਾਈਨ ਪਾਈ ਜਾਵੇਗੀ ਤਾਂ ਜੋ ਪਾਣੀ ਸ਼ੁੱਧ ਮਿਲ ਸਕੇ।