ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਪੁਲਿਸ ਨਾਕਿਆਂ ਤੇ ਥਾਣਿਆਂ ਦੀ ਚੈਕਿੰਗ
ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਪੁਲਿਸ ਨਾਕਿਆਂ ਅਤੇ ਥਾਣਿਆਂ ਦੀ ਚੈਕਿੰਗ
Publish Date: Tue, 10 Mar 2026 06:35 PM (IST)
Updated Date: Wed, 11 Mar 2026 04:10 AM (IST)

ਭੱਜ ਕੇ ਵਿਦੇਸ਼ਾਂ ’ਚ ਛੁਪੇ ਅਪਰਾਧੀ ਵੀ ਪੰਜਾਬ ਪੁਲਿਸ ਦੇ ਨਿਸ਼ਾਨੇ ’ਤੇ : ਯਾਦਵ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ ਐਲਕੇ ਯਾਦਵ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ, ਚੰਡੀਗੜ੍ਹ ਨੇ ਜ਼ਿਲ੍ਹਾ ਸੰਗਰੂਰ ਵਿੱਚ ਮੰਗਲਵਾਰ ਨੂੰ ਵੱਖ- ਵੱਖ ਪੁਲਿਸ ਨਾਕਿਆਂ ਅਤੇ ਥਾਣਿਆਂ ਦੀ ਚੈਕਿੰਗ ਕਰਨ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐਸਐਸਪੀ ਸਰਤਾਜ ਸਿੰਘ ਚਾਹਲ ਸੰਗਰੂਰ ਦੀ ਦੇਖਰੇਖ ਹੇਠ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਦੋ ਮੁੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਜੋ ਕਿ ਨਸ਼ਾ ਤਸਕਰੀ ਖ਼ਿਲਾਫ਼ ਲਗਾਤਾਰ ਚੱਲ ਰਹੀ ਮੁਹਿੰਮ ਹੈ ਅਤੇ “ਗੈਂਗਸਟਰ ਤੇ ਵਾਰ (ਆਪਰੇਸ਼ਨ ਪ੍ਰਹਾਰ)” ਸ਼ਾਮਲ ਹਨ, ਜਿਸ ਦਾ ਉਦੇਸ਼ ਅਪਰਾਧਾਂ ਵਿੱਚ ਲੋੜੀਂਦੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਕਰਨਾ ਅਤੇ ਇਲਾਕਿਆਂ ਵਿੱਚ ਪੁਲਿਸ ਦੀ ਮਜ਼ਬੂਤ ਹਾਜ਼ਰੀ ਰਾਹੀਂ ਲੋਕਾਂ ਵਿੱਚ ਭਰੋਸਾ ਪੈਦਾ ਕਰਨਾ ਹੈ। ਇਸ ਤਹਿਤ ਅਪਰਾਧੀਆਂ, ਤਸਕਰਾਂ, ਸੰਗਠਿਤ ਅਪਰਾਧੀਆਂ ਅਤੇ ਉਹਨਾਂ ਭਗੌੜਿਆਂ ਖ਼ਿਲਾਫ਼ ਕੜੀ ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜੋ ਅਪਰਾਧ ਕਰਨ ਤੋਂ ਬਾਅਦ ਵਿਦੇਸ਼ ਭੱਜ ਗਏ ਹਨ। ਇਹ ਕਾਰਵਾਈ ਸਿਰਫ਼ ਪੰਜਾਬ ਤਕ ਸੀਮਿਤ ਨਹੀਂ ਹੈ, ਸਗੋਂ ਵਿਦੇਸ਼ਾਂ ਵਿੱਚ ਛੁਪੇ ਅਪਰਾਧੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਜੋ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਅਪਰਾਧ ਮੁਕਤ ਰਾਜ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸਹਿਯੋਗ ਵਧਾ ਰਹੀਆਂ ਹਨ। ਇਸ ਵਿੱਚ ਇੰਟਰਪੋਲ ਰੈਫਰੈਂਸ, ਨੋਟਿਸ, ਐਕਸਟ੍ਰਡੀਸ਼ਨ ਪ੍ਰਕਿਰਿਆ ਅਤੇ ਵਿਸ਼ੇਸ਼ ਟਾਸਕ ਫੋਰਸਾਂ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਡੀਸ਼ਨ ਸੈੱਲ ਦੀ ਮਹੱਤਵਪੂਰਨ ਭੂਮਿਕਾ ਹੈ। ਇੰਟਰਪੋਲ, ਰੈੱਡ ਅਤੇ ਬਲੂ ਨੋਟਿਸ ਰਾਹੀਂ ਤੇਜ਼ੀ ਨਾਲ ਜਾਣਕਾਰੀ ਸਾਂਝੀ ਕਰਦਾ ਹੈ, ਜਿਸ ਨਾਲ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਭਗੌੜਿਆਂ ਦੀ ਪਛਾਣ ਅਤੇ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ। ਐਕਸਟ੍ਰਡੀਸ਼ਨ ਸੰਧੀਆਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਭਗੌੜੇ ਆਪਣੇ ਦੇਸ਼ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ। ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਵੀ ਇਨ੍ਹਾਂ ਪ੍ਰਕਿਰਿਆਵਾਂ ਰਾਹੀਂ ਕਈ ਮਾਮਲਿਆਂ ਵਿੱਚ ਲਾਭ ਪ੍ਰਾਪਤ ਕੀਤਾ ਹੈ। ਇੱਕ ਮਾਮਲੇ ਵਿੱਚ ਮਨਪ੍ਰੀਤ ਸਿੰਘ ਵਾਸੀ ਬਸਲੀਪੁਰ ਗੋਲਾ ਖੇੜੀ, ਉੱਤਰ ਪ੍ਰਦੇਸ਼, ਜੋ ਕਿ ਕੈਨੇਡਾ ਵਿੱਚ ਅਮਨਪ੍ਰੀਤ ਕੌਰ ਸੈਣੀ ਦੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਸੀ, ਕੈਨੇਡਾ ਤੋਂ ਅਪਰਾਧ ਕਰਨ ਤੋਂ ਬਾਅਦ ਭੱਜ ਕੇ ਭਾਰਤ ਆ ਗਿਆ ਸੀ। ਪੰਜਾਬ ਵਿੱਚ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਦੇ ਢਾਂਚੇ ਨੂੰ ਤੋੜਨ ਲਈ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਤਹਿਤ “ਆਪਰੇਸ਼ਨ ਪ੍ਰਹਾਰ” ਚਲਾਇਆ ਗਿਆ। ਇਸ ਦੌਰਾਨ ਸੂਬੇ ਭਰ ਵਿੱਚ ਕਈ ਦਿਨ ਤੱਕ ਵੱਡੇ ਪੱਧਰ ’ਤੇ ਸਾਂਝੇ ਛਾਪੇਮਾਰੀਆਂ ਕੀਤੀਆਂ ਗਈਆਂ, ਜਿਸ ਨਾਲ ਹਜ਼ਾਰਾਂ ਗ੍ਰਿਫ਼ਤਾਰੀਆਂ ਹੋਈਆਂ, ਹਥਿਆਰ ਬਰਾਮਦ ਕੀਤੇ ਗਏ ਅਤੇ ਗੈਰਕਾਨੂੰਨੀ ਧੰਦਿਆਂ ਨੂੰ ਫੰਡ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ।