ਨਸ਼ੇੜੀਆਂ ਦਾ ਅੱਡਾ ਬਣੇ ਖੰਡਰ ਕੁਆਟਰਾਂ ਨੂੰ ਡੀਸੀ ਦੇ ਬੁਲਡੋਜ਼ਰ ਦੀ ਉਡੀਕ
ਨਸ਼ੇੜੀਆਂ ਦਾ ਅੱਡਾ ਬਣੇ ਖੰਡਰ ਕੁਆਟਰਾਂ ਨੂੰ ਡੀਸੀ ਦੇ ਬੁਲਡੋਜ਼ਰ ਦੀ ਉਡੀਕ
Publish Date: Sun, 01 Mar 2026 04:06 PM (IST)
Updated Date: Mon, 02 Mar 2026 03:59 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਰਣਬੀਰ ਕਲੱਬ ਰੋਡ ’ਤੇ ਸਥਿਤ 21 ਤੋਂ 26 ਨੰਬਰ ਤੱਕ ਦੇ ਸਰਕਾਰੀ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਹਨ ਤੇ ਡੀਸੀ ਦੇ ਬੁਲਡੋਜ਼ਰ ਦੀ ਉਡੀਕ ਕਰ ਰਹੇ ਹਨ। ਲੰਬੇ ਸਮੇਂ ਤੋਂ ਸਬੰਧਤ ਵਿਭਾਗਾਂ ਦੀ ਲਾਪ੍ਰਵਾਹੀ ਕਾਰਨ ਇਹ ਕੁਆਟਰ ਖੰਡਰ ਬਣ ਚੁੱਕੇ ਹਨ ਅਤੇ ਹੁਣ ਅਸਾਮਾਜਿਕ ਅਨਸਰਾਂ ਲਈ ਪਨਾਹਗਾਹ ਸਾਬਤ ਹੋ ਰਹੇ ਹਨ। ਦਿਨ ਹੋਵੇ ਜਾਂ ਰਾਤ, ਇੱਥੇ ਨਸ਼ੇੜੀ ਬੈਠ ਕੇ ਨਸ਼ਾ ਕਰਦੇ ਹਨ ਤੇ ਅਸਾਮਾਜਿਕ ਅਨਸਰ ਵੀ ਇੱਥੇ ਇਕੱਠੇ ਰਹਿੰਦੇ ਹਨ। ਇਸ ਤੋਂ ਇਲਾਵਾ, ਨਗਰ ਕੌਂਸਲ ਨੇ ਵੀ ਇਨ੍ਹਾਂ ਕੁਆਟਰਾਂ ਨੂੰ ਕੂੜੇ ਦੇ ਡੰਪ ਵਿੱਚ ਤਬਦੀਲ ਕਰ ਦਿੱਤਾ ਹੈ, ਜਿੱਥੇ ਕੂੜੇ ਦੇ ਢੇਰ ਲਾਏ ਜਾਂਦੇ ਹਨ ਅਤੇ ਕੌਂਸਲ ਵੱਲੋਂ ਕਬਾੜ ਵਾਹਨ ਆਦਿ ਵੀ ਖੜੇ ਕੀਤੇ ਜਾ ਰਹੇ ਹਨ। ਵਾਰਡ ਕੌਸਲਰ ਵੱਲੋਂ ਇੱਥੇ ਸੁੰਦਰ ਪਾਰਕ ਅਤੇ ਓਪਨ ਜਿੰਮ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਹੁਣ ਲੋਕ ਨਿਰਮਾਣ ਵਿਭਾਗ (ਬੀਐਂਡਆਰ) ਨੇ ਡੀਸੀ ਸੰਗਰੂਰ ਨੂੰ ਪੱਤਰ ਲਿਖ ਕੇ ਇਨ੍ਹਾਂ ਸਰਕਾਰੀ ਕੁਆਟਰਾਂ ਨੂੰ ਢਾਹੁਣ ਦੀ ਕਾਰਵਾਈ ਕਰਨ ਲਈ ਕਿਹਾ ਹੈ। ਇਲਾਕਾ ਨਿਵਾਸੀ ਮਦਨ ਮੋਹਨ, ਪੁਨੀਤ ਸਿੰਗਲਾ, ਗੁਰਦੀਪ ਸਿੰਘ ਅਤੇ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੰਡਰ ਕੁਆਟਰਾਂ ਵਿੱਚ ਅਕਸਰ ਨਸ਼ੇੜੀ ਨਸ਼ਾ ਕਰਦੇ ਹਨ ਅਤੇ ਅਸਾਮਾਜਿਕ ਅਨਸਰ ਇਨ੍ਹਾਂ ਨੂੰ ਪਨਾਹਗਾਹ ਵਜੋਂ ਵਰਤਦੇ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ ਇੱਥੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਵੀ ਹੋ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਉਹ ਆਪਣੇ ਸਾਥੀਆਂ ਨਾਲ ਇੱਥੇ ਰਹਿੰਦਾ ਸੀ, ਪਰ ਕਿਸੇ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਇੱਥੇ ਦਵਾਈਆਂ ਦੇ ਖਾਲੀ ਪੱਤੇ, ਇੰਜੈਕਸ਼ਨ ਅਤੇ ਸ਼ਿਰਿੰਜ ਆਦਿ ਵੀ ਮਿਲਦੇ ਹਨ, ਜੋ ਇੱਥੇ ਨਸ਼ੇ ਦੀ ਗਤੀਵਿਧੀ ਹੋਣ ਦੀ ਪੁਸ਼ਟੀ ਕਰਦੇ ਹਨ। ਇਸ ਦੇ ਬਾਵਜੂਦ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਕੁਆਟਰਾਂ ਦੇ ਨੇੜੇ ਉੱਚ ਅਧਿਕਾਰੀਆਂ ਦੀ ਰਿਹਾਇਸ਼ ਹੈਰਾਨੀ ਇਹ ਹੈ ਕਿ ਇਨ੍ਹਾਂ ਕੁਆਟਰਾਂ ਦੇ ਨੇੜੇ ਹੀ ਏਡੀਸੀ, ਐਸਡੀਐਮ ਸਮੇਤ ਕਈ ਸਰਕਾਰੀ ਕਰਮਚਾਰੀਆਂ ਅਤੇ ਡਾਕਟਰਾਂ ਦੀ ਰਿਹਾਇਸ਼ ਹੈ। ਇਸ ਕਾਰਨ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵੱਲੋਂ ਡੀਸੀ ਨੂੰ ਲਿਖੇ ਪੱਤਰ ਵਿੱਚ ਵੀ ਦਰਜ ਕੀਤਾ ਗਿਆ ਹੈ ਕਿ ਇਹ ਕੁਆਟਰ ਬਹੁਤ ਹੀ ਖਸਤਾਹਾਲ ਹੋ ਚੁੱਕੇ ਹਨ ਅਤੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਨਾਲ ਹੀ ਇੱਥੇ ਮੌਜੂਦ ਨਸ਼ੇੜੀ ਅਤੇ ਅਸਾਮਾਜਿਕ ਅਨਸਰ ਲੋਕਾਂ ਦੀ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ। ਇਸ ਲਈ ਇਨ੍ਹਾਂ ਕੁਆਟਰਾਂ ਨੂੰ ਜਲਦੀ ਢਾਹੁਣਾ ਜ਼ਰੂਰੀ ਹੈ। ਨਗਰ ਕੌਂਸਲ ਨੇ ਲਾਏ ਗੰਦਗੀ ਦੇ ਢੇਰ ਨਗਰ ਕੌਂਸਲ ਵੱਲੋਂ ਵੀ ਇਸ ਜਗ੍ਹਾ ਦਾ ਸਹੀ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਇੱਥੇ ਕੂੜਾ ਸੁੱਟਿਆ ਜਾਂਦਾ ਹੈ ਅਤੇ ਕਬਾੜ ਵਾਹਨ ਅਤੇ ਟਰਾਲੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ। ਇਸ ਕਾਰਨ ਇਲਾਕੇ ਵਿੱਚ ਗੰਦਗੀ ਅਤੇ ਬਦਬੂ ਦਾ ਮਾਹੌਲ ਬਣਿਆ ਰਹਿੰਦਾ ਹੈ, ਜੋ ਲੋਕਾਂ ਲਈ ਵੱਡੀ ਸਮੱਸਿਆ ਹੈ। ਬਰਸਾਤ ਦੇ ਮੌਸਮ ਵਿੱਚ ਹਾਲਤ ਹੋਰ ਵੀ ਖਰਾਬ ਹੋ ਜਾਂਦੇ ਹਨ। ਨੇੜੇ ਹੀ ਸਬਜ਼ੀ ਮੰਡੀ ਹੋਣ ਕਾਰਨ ਉੱਥੋਂ ਵੀ ਕਾਫ਼ੀ ਮਾਤਰਾ ਵਿੱਚ ਕੂੜਾ ਇੱਥੇ ਸੁੱਟਿਆ ਜਾਂਦਾ ਹੈ, ਜਿਸ ਨਾਲ ਲੋਕਾਂ ਲਈ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਾਰਕ ਤੇ ਓਪਨ ਜਿੰਮ ਬਣਾਉਣ ਦੀ ਮੰਗ ਵਾਰਡ ਕੌਸਲਰ ਆਸ਼ਾ ਰਾਣੀ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਚੁੱਕਦਿਆਂ ਮੰਗ ਕੀਤੀ ਹੈ ਕਿ ਇਨ੍ਹਾਂ ਖਸਤਾਹਾਲ ਕੁਆਟਰਾਂ ਨੂੰ ਤੁਰੰਤ ਢਾਹਿਆ ਜਾਵੇ ਅਤੇ ਇੱਥੇ ਮੌਜੂਦਾ ਪਾਰਕ ਨਾਲ ਜੋੜ ਕੇ ਇੱਕ ਸੁੰਦਰ ਪਾਰਕ ਅਤੇ ਓਪਨ ਜਿੰਮ ਬਣਾਇਆ ਜਾਵੇ। ਇਸ ਸੰਬੰਧੀ 20 ਮਈ 2025 ਨੂੰ ਨਗਰ ਕੌਂਸਲ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ। 17 ਜੂਨ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਲੋਕ ਨਿਰਮਾਣ ਵਿਭਾਗ ਨੂੰ ਪੱਤਰ ਲਿਖ ਕੇ ਇਸ ਮਾਮਲੇ ‘ਤੇ ਕਾਰਵਾਈ ਦੀ ਸਿਫਾਰਸ਼ ਕੀਤੀ ਸੀ। ਜੇਕਰ ਇੱਥੇ ਪਾਰਕ ਅਤੇ ਓਪਨ ਜਿੰਮ ਬਣਦਾ ਹੈ ਤਾਂ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ਵਧੇਗੀ, ਸਗੋਂ ਅਸਾਮਾਜਿਕ ਗਤੀਵਿਧੀਆਂ ‘ਤੇ ਵੀ ਰੋਕ ਲੱਗੇਗੀ ਅਤੇ ਲੋਕਾਂ ਨੂੰ ਸਾਫ਼-ਸੁਥਰੇ ਮਾਹੌਲ ਵਿੱਚ ਸੈਰ ਅਤੇ ਕਸਰਤ ਕਰਨ ਦੀ ਸਹੂਲਤ ਮਿਲੇਗੀ।