ਧਰਤੀ ਦਿਵਸ ਮੌਕੇ ਗੰਗਾ ਇੰਟਰਨੈਸ਼ਨਲ ਸਕੂਲ ’ਚ ਸਮਾਗਮ
ਧਰਤੀ ਦਿਵਸ ਮੌਕੇ ਗੰਗਾ ਇੰਟਰਨੈਸ਼ਨਲ ਸਕੂਲ ’ਚ ਸਮਾਗਮ
Publish Date: Wed, 22 Apr 2026 04:57 PM (IST)
Updated Date: Wed, 22 Apr 2026 05:01 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਗੰਗਾ ਇੰਟਰਨੈਸ਼ਨਲ ਸਕੂਲ, ਢਾਬੀ ਗੁੱਜਰਾਂ ਵਿਖੇ ਧਰਤੀ ਦਿਵਸ ਮੌਕੇ ’ਤੇ ਕਈ ਪ੍ਰੇਰਣਾਦਾਇਕ ਅਤੇ ਰਚਨਾਤਮਕ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਦੀ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ ਅਤੇ ਨੁੱਕੜ ਨਾਟਕ ਰਾਹੀਂ ਕੁਦਰਤ ਦੀ ਮਹੱਤਤਾ ਨੂੰ ਦਰਸਾਇਆ। ਬੱਚਿਆਂ ਨੇ ਦਰੱਖਤਾਂ ਨੂੰ ਨਾ ਕੱਟਣ, ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ। ਨੰਨ੍ਹੇ ਮੁੰਨੇ ਬੱਚਿਆਂ ਨੇ ਛੋਟੇ-ਛੋਟੇ ਗਮਲਿਆਂ ਵਿਚ ਬੀਜ ਲਗਾ ਕੇ ਬੂਟੇ ਉਗਾਉਣ ਦੀ ਪ੍ਰਕਿਰਿਆ ਸਿੱਖੀ। ਇਸ ਦੇ ਨਾਲ ਹੀ ਬੱਚਿਆਂ ਨੇ ਹੈਂਡ ਪ੍ਰਿੰਟ ਆਰਟ ਰਾਹੀਂ ਦਰੱਖਤਾਂ ਅਤੇ ਪੱਤਿਆਂ ਦੇ ਸੁੰਦਰ ਚਿੱਤਰ ਬਣਾਏ। ਉਨ੍ਹਾਂ ਨੇ ਬੇਕਾਰ ਪਈਆਂ ਵਸਤਾਂ ਤੋਂ ਪੈਂਸਿਲ ਹੋਲਡਰ ਆਦਿ ਤਿਆਰ ਕਰਕੇ ਰੀਸਾਈਕਲਿੰਗ ਦਾ ਵਧੀਆ ਸੰਦੇਸ਼ ਦਿੱਤਾ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਬੱਚਿਆਂ ਵੱਲੋਂ ਕੀਤੀਆਂ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਰਹੀਆਂ। ਬੱਚਿਆਂ ਨੇ ਪਲਾਸਟਿਕ ਦੀਆਂ ਖਾਲੀ ਬੋਤਲਾਂ ਅਤੇ ਹੋਰ ਬੇਕਾਰ ਸਮੱਗਰੀ ਨਾਲ ਰੱਸੀਆਂ ਨਾਲ ਲਟਕਾਉਣ ਵਾਲੇ ਸੋਹਣੇ ਗਮਲੇ ਤਿਆਰ ਕੀਤੇ। ਇਸ ਤੋਂ ਇਲਾਵਾ, ਪੱਥਰਾਂ ‘ਤੇ ਪੇਂਟਿੰਗ, ਬੋਤਲਾਂ ਦੇ ਢੱਕਣਾਂ ਨਾਲ ਰਿੰਗਾਂ ਅਤੇ ਫੁੱਲਦਾਨ ਬਣਾਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੇ “ਘੱਟ ਵਰਤੋਂ, ਦੁਬਾਰਾ ਵਰਤੋਂ ਅਤੇ ਰੀਸਾਈਕਲਿੰਗ” ਦਾ ਮਹੱਤਵਪੂਰਨ ਸੰਦੇਸ਼ ਦਿੱਤਾ। ਇਸ ਮੌਕੇ ‘ਤੇ ਗੰਗੋਤਰੀ ਸਦਨ ਦੀ ਅਧਿਆਪਕਾ ਗੁਰਸ਼ਰਨ ਕੌਰ ਨੇ ਬੱਚਿਆਂ ਨੂੰ ਧਰਤੀ ਨੂੰ ਬਚਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਵਾਇਸ ਪ੍ਰਿੰਸੀਪਲ ਇਸ਼ਾਂਤ ਪਾਹਵਾ ਨੇ ਵਿਦਿਆਰਥੀਆਂ ਨੂੰ ਹਰਿਆਲੀ ਵਧਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ ਅਤੇ ਸਭ ਨੂੰ ਵਾਤਾਵਰਣ ਬਚਾਉਣ ਦੀ ਸਹੁੰ ਦਿਵਾਈ। ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਰੀਨਾ ਚੀਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਧਰਤੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਧਰਤੀ ਨੂੰ ਹਰਾ-ਭਰਾ ਰੱਖਣ ਦਾ ਸੰਦੇਸ਼ ਦਿੱਤਾ।