ਪੀੜਤਾਂ ਵੱਲੋਂ ਪਾਤੜਾਂ ਜਾਖਲ ਸੜਕ ਤੇ ਲਾਸ਼ ਰੱਖ ਕੇ ਆਵਾਜਾਈ ਠੱਪ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਹਾਮਝੇੜੀ ਦੇ ਟੈਕਸੀ ਚਾਲਕ ਵੱਲੋਂ ਕੀਤੀ ਖੁਦਕੁਸ਼ੀ ਦਾ ਮਾਮਲਾ ਹੋਰ ਗਰਮਾ ਗਿਆ ਹੈ। ਖੁਦਕੁਸ਼ੀ ਤੋਂ ਪਹਿਲਾਂ ਵਾਇਰਲ ਕੀਤੀ ਗਈ ਵੀਡੀਓ ਦੇ ਅਧਾਰ ਤੇ ਪੁਲਿਸ ਵੱਲੋਂ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਲਾਸ਼ ਨੂੰ ਰੱਖ ਕੇ ਬੈਠੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਸੰਘਰਸ਼ ਨੂੰ ਤੇਜ਼ ਕਰਦਿਆਂ ਸੋਮਵਾਰ ਨੂੰ ਪੰਜਵੇਂ ਦਿਨ ਪਿੰਡ ਹਾਮਝੇੜੀ ਦੇ ਬੱਸ ਸਟੈਂਡ ’ਤੇ ਮ੍ਰਿਤਕ ਬਲਜਿੰਦਰ ਸਿੰਘ ਦੀ ਲਾਸ਼ ਰੱਖ ਕੇ ਪਾਤੜਾਂ ਜਾਖਲ ਰੋਡ ਪੂਰੀ ਤਰ੍ਹਾਂ ਜਾਮ ਕਰਕੇ ਅਣਮਿੱਥੇ ਸਮੇਂ ਦਾ ਰੋਹ ਭਰਪੂਰ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਜਿੱਥੇ ਡੀਐਸਪੀ ਪਾਤੜਾ ਇੰਦਰਪਾਲ ਸਿੰਘ ਚੌਹਾਨ ਅਤੇ ਥਾਣਾ ਮੁਖੀ ਪਾਤੜਾਂ ਹਰਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਪਰਚੇ ਵਿਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਬੰਧੀ ਦੱਸਿਆ ਪਰ ਪ੍ਰਦਰਸ਼ਨਕਾਰੀ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਸਸਕਾਰ ਨਾ ਕਰਨ ਦੀ ਜਿੱਦ ’ਤੇ ਅੜੇ ਰਹੇ। ਇਸ ਕਾਰਨ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਸੰਘਰਸ਼ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ। ਰੋਸ ਪ੍ਰਦਰਸ਼ਨ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ ਜਤਿੰਦਰ ਸਿੰਘ ਮੱਟੂ, ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਦਰ ਸਕਤਰ ਡੀਟੀਓ ਕਰਨ ਸਿੰਘ, ਬੀਬੀ ਪਲਵਿੰਦਰ ਕੌਰ ਹਰਿਆਓ, ਸਾਬਕਾ ਸਰਪੰਚ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਭਗਵੰਤ ਸਿੰਘ ਸ਼ੁਤਰਾਣਾ, ਭੀਮ ਆਰਮੀ ਦੇ ਆਗੂ ਡਾਕਟਰ ਗੁਰਸੇਵਕ ਸਿੰਘ ਅਤੇ ਗੁਰਮੇਲ ਸਿੰਘ ਘੱਗਾ ਨੇ ਦੋਸ਼ ਲਗਾਇਆ ਕਿ ਭਾਰਤੀ ਕਾਨੂੰਨ ਦਾ ਹਵਾਲਾ ਦਿੰਦਿਆਂ ਪੰਜਾਬ ਪੁਲਿਸ ਦੇ ਹੱਥ ਬੜੇ ਲੰਬੇ ਹੋਣ ਦੇ ਦਾਅਵੇ ਆਮ ਸੁਣੇ ਜਾਂਦੇ ਹਨ ਪਰ ਬਦਕਿਸਮਤੀ ਦੀ ਗੱਲ ਹੈ ਕਿ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਬਲਜਿੰਦਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਰਾਜਸੀ ਸ਼ਹਿ ਪ੍ਰਾਪਤ ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਪੁਲਿਸ ਅਸਮਰੱਥ ਹੈ। ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਨੀ ਦੇਰ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਮ੍ਰਿਤਕ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਨੌਜਵਾਨ ਆਗੂ ਜਰਨੈਲ ਸਿੰਘ ਜੈਲੀ ਸਰਪੰਚ, ਧਨੀ ਰਾਮ ਸ਼ਰਮਾ , ਜਤਿੰਦਰ ਸਿੰਘ ਮੱਟੂ, ਖੁਸ਼ੀ ਨੰਬਰਦਾਰ, ਮ੍ਰਿਤਕ ਦੀ ਪਤਨੀ ਕੁਲਜੀਤ ਕੌਰ, ਗੁਰਮੇਲ ਸਿੰਘ ਘੱਗਾ, ਹਰਪ੍ਰੀਤ ਸਿੰਘ ਮੈਂਬਰ ਪੰਚਾਇਤ, ਗੁਰਸੇਵਕ ਸਿੰਘ ਨਿਹੰਗ, ਡਾਕਟਰ ਗੁਰਸੇਵਕ ਸਿੰਘ ਭੀਮ ਆਰਮੀ, ਕਸ਼ਮੀਰ ਸਿੰਘ ਚੌਂਕੀਦਾਰ, ਤਰਸੇਮ ਸ਼ਰਮਾ ਸਾਬਕਾ ਸਰਪੰਚ, ਖੁਸ਼ੀ ਸ਼ੇਰਗੜ੍ਹ, ਮਨਪ੍ਰੀਤ ਸਿੰਘ, ਸੂਬਾ ਸਿੰਘ, ਰਿੰਕੂ ਦਾਨਵ ਐਮਸੀ ਅਤੇ ਰਾਜਾ ਸਰਾਓ ਸੇਵਾ ਦਲ ਕਾਂਗਰਸ ਦੇ ਅਧਾਰਤ 16 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ।