- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਪੰਚਾਇਤ ਦੇਵੀਗਡ਼੍ਹ ਨੂੰ ਭੰਗ ਲਈ ਅੱਠ ਪਿੰਡਾਂ ਦੇ ਲੋਕਾਂ ਨੇ ਬੱਸ ਅੱਡੇ ਤੇ ਲਾਇਆ ਧਰਨਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਹਲਕਾ ਸਨੌਰ ਅਧੀਨ ਕਸਬਾ ਦੇਵੀਗਡ਼੍ਹ ਵਿਖੇ ਨਵੀਂ ਨਗਰ ਪੰਚਾਇਤ ਨੂੰ ਭੰਗ ਕਰਨ ਲਈ ਸਥਾਨਕ ਕੁਝ ਆਗੂਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ, ਪਰ ਅੱਜ ਇਸ ਨਗਰ ਪੰਚਾਇਤ ਅਧੀਨ ਆਉਂਦੇ ਅੱਠ ਪਿੰਡਾਂ ਦੇ ਵਸਨੀਕਾਂ ਨੇ ਧਰਮਪਾਲ ਸ਼ਰਮਾ, ਡਾ. ਰਣਜੀਤ ਸੰਧੂ ਅਤੇ ਕਈ ਹੋਰ ਮੋਹਤਬਰ ਵਿਅਕਤੀਆਂ ਦੀ ਅਗਵਾਈ ਹੇਠ ਬੱਸ ਅੱਡਾ ਦੇਵੀਗਡ਼੍ਹ ਵਿਖੇ ਲਗਭਗ ਤਿੰਨ ਘੰਟੇ ਦੇ ਕਰੀਬ ਧਰਨਾ ਦਿੱਤਾ ਅਤੇ ਮੌਜੂਦਾ ‘ਆਪ’ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਧਰਮਪਾਲ ਸ਼ਰਮਾ, ਡਾ. ਰਣਜੀਤ ਸੰਧੂ ਤੋਂ ਇਲਾਵਾ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ੈਰੀ ਰਿਆਡ਼, ਜੋਗਿੰਦਰ ਸਿੰਘ ਕਾਕਡ਼ਾ, ਭੂਪਿੰਦਰ ਸਿੰਘ ਭਿੰਡਰ, ਜਸਵਿੰਦਰ ਸਿੰਘ ਕਾਕਾ, ਰਜਤ ਮਲਹੋਤਰਾ, ਰਿਸ਼ਵ ਸਿੰਗਲਾ, ਪਰਮਜੀਤ ਸਿੰਘ ਮਹਿਮੂਦਪੁਰ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਅੱਠ ਪਿੰਡਾਂ ਦੇ ਵਸਨੀਕਾਂ ਨੂੰ ਤਕਡ਼ੇ ਹੋ ਕੇ ਸੰਘਰਸ਼ ਕਰਨ ਦਾ ਵਿਸ਼ਵਾਸ਼ ਦੁਆਇਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਪਾਲ ਸ਼ਰਮਾ ਨੇ ਕਿਹਾ ਕਿ ਦੇਵੀਗਡ਼੍ਹ ਵਿਖੇ ਬਣਾਈ ਗਈ ਨਗਰ ਪੰਚਾਇਤ ਨੂੰ ਗਲਤ ਤਰੀਕੇ ਨਾਲ ਬਣਾਇਆ ਗਿਆ ਸੀ, ਜਦੋਂ ਕਿ ਕਸਬਾ ਦੇਵੀਗਡ਼੍ਹ ਦੀ ਵਸੋਂ ਘੱਟ ਸੀ ਅਤੇ ਦੇਵੀਗਡ਼੍ਹ ਦੇ ਨਾਲ ਲਗਦੇ 7-8 ਪਿੰਡਾਂ ਦੇ ਉਸ ਸਮੇਂ ਦੇ ਸਰਪੰਚਾਂ ਕੋਲੋਂ ਮਤੇ ਪਵਾ ਕੇ ਇਸ ਨਗਰ ਪੰਚਾਇਤ ਨੂੰ ਹੋਂਦ ਵਿੱਚ ਲਿਆਂਦਾ ਗਿਆ ਸੀ ਪਰ ਦੇਵੀਗਡ਼੍ਹ ਕਸਬਾ ਅਤੇ ਨਾਲ ਜੋ ਹੋਰ ਪਿੰਡ ਲਗਾਏ ਗਏ ਸਨ, ਉਥੋਂ ਦੇ ਲੋਕ ਬਹੁਤ ਗਰੀਬ ਹਨ ਜੋ ਕਿ ਨਗਰ ਪੰਚਾਇਤ ਵਲੋਂ ਲਗਾਏ ਜਾਂਦੇ ਟੈਕਸ ਨਹੀਂ ਭਰ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਦੀ ਇਹ ਨਗਰ ਪੰਚਾਇਤ ਬਣੀ ਹੈ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਥੇ ਵਿਕਾਸ ਦੇ ਕੰਮ ਵੀ ਨਹੀਂ ਹੋ ਸਕੇ, ਸਗੋਂ ਸ਼ੁਰੂ ਕੀਤੇ ਕੰਮ ਵਿੱਚੇ ਹੀ ਲਟਕੇ ਪਏ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਮਕਾਨ ਬਣਾਉਣ ਲਈ ਐਨ.ਓ.ਸੀ. ਨਹੀਂਂ ਦਿੱਤੀ ਜਾਂਦੀ। ਅੱਜ ਟੈਕਸ ਨਾ ਭਰਨ ਦੀ ਵਜਾ ਕਰਕੇ 9 ਲੋਕਾਂ ਦੇ ਮਕਾਨ ਤੋਡ਼ਨ ਦੇ ਨੋਟਿਸ ਮਾਨਯੋਗ ਅਦਾਲਤ ਵੱਲੋਂ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਧਰਨਾ ਕਾਫੀ ਸਮਾਂ ਚੱਲਿਆ। ਪਹਿਲਾਂ ਥਾਣਾ ਮੁਖੀ ਜੁਲਕਾਂ ਬਲਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਵੀ ਮੌਕੇ ਤੇ ਪੁੱਜੇ, ਜਿਨ੍ਹਾਂ ਧਰਨਕਾਰੀਆਂ ਨੂੰ ਧਰਨਾ ਨਾ ਲਾਉਣ ਅਤੇ ਰੋਸ ਮਾਰਚ ਨਾਂ ਕੱਢਣ ਦੀ ਅਪੀਲ ਕੀਤੀ ਪਰ ਧਰਨਾਕਾਰੀ ਨਹੀਂ ਮੰਨੇ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਵੀਗਡ਼੍ਹ ਦੀ ਨਗਰ ਪੰਚਾਇਤ ਬਿਲਕੁੱਲ ਗਲਤ ਤਰੀਕੇ ਨਾਲ ਬਣਵਾਈ ਗਈ ਹੈ। ਉਨਾਂ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਨਗਰ ਪੰਚਾਇਤ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਸ ਨਗਰ ਪੰਚਾਇਤ ਨੂੰ ਭੰਗ ਕਰੇ ਨਹੀਂ ਤਾਂ ਕਣਕ ਦੀ ਵਾਢੀ ਤੋਂ ਬਾਅਦ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਜੇਕਰ ਸਡ਼ਕਾਂ ਵੀ ਜਾਮ ਕਰਨੀਆਂ ਪਈਆਂ ਤੋਂ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਵਪਾਰ ਮੰਡਲ ਦੀ ਨਵੀਂ ਚੋਣ ਕਰਕੇ ਧਰਮਪਾਲ ਸ਼ਰਮਾ ਨੂੰ ਚੇਅਰਮੈਨ ਅਤੇ ਡਾ. ਰਣਜੀਤ ਸਿੰਘ ਸੰਧੂ ਨੂੰ ਸਰਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ। ਇਸ ਉਪਰੰਤ ਐਸ.ਡੀ.ਐਮ. ਦੁੱਧਨਸਾਧਾਂ ਡਾ. ਹਰਜੋਤ ਕੌਰ ਮੌਕੇ ਤੇ ਪੁਜੇ, ਜਿਨ੍ਹਾਂ ਨੂੰ ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਦਿੱਤਾ। ਐਸ.ਡੀ.ਐਮ. ਡਾ. ਹਰਜੋਤ ਕੌਰ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਮੰਗਾਂ ਜਿਲਾ ਪ੍ਰਸਾਸ਼ਨ ਤੱਕ ਪਹੁੰਚਾਉਣਗੇ ਅਤੇ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢਣਗੇ।