ਧਰਮ ਯੁੱਧ ਮੋਰਚੇ ਦੇ ਦੂਜੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਚ ਧਰਨਾ ਜਾਰੀ
ਧਰਮ ਯੁੱਧ ਮੋਰਚੇ ਦੇ ਦੂਜੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਧਰਨਾ ਜਾਰੀ
Publish Date: Wed, 25 Feb 2026 06:06 PM (IST)
Updated Date: Wed, 25 Feb 2026 06:10 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮਾਂ ਦੇ ਧਰਮ ਗ੍ਰੰਥਾਂ ਦੀ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 514 ਦਿਨਾਂ ਤੋਂ ਭਾਰਤੀ ਸੰਚਾਰ ਨਿਗਮ ਦੇ ਸਮਾਣਾ ਸਥਿਤ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਭਾਈ ਗੁਰਜੀਤ ਸਿੰਘ ਫੌਜੀ ਦੀ ਤੱਪਸਿਆ ਨੂੰ ਬੂਰ ਨਾ ਪੈਣ ਕਾਰਨ ਸ਼ੁਰੂ ਕੀਤੇ ਧਰਮ ਯੁੱਧ ਮੋਰਚੇ ਦੇ ਦੂਜੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਧਰਨਾ ਜਾਰੀ ਰਿਹਾ। ਜਿਸ ਕਾਰਨ ਪਟਿਆਲਾ-ਹਿਸਾਰ ਦੇ ਰਾਜ ਮਾਰਗ ’ਤੇ ਲੰਮਾ ਜਾਮ ਲੱਗ ਗਿਆ। ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਪ-ਮੰਡਲ ਅਫ਼ਸਰ ਸਮਾਣਾ ਰਿਚਾ ਗੋਇਲ, ਪੁਲਿਸ ਕਪਤਾਨ ਪਟਿਆਲਾ ਵੈਭਵ ਚੌਧਰੀ ਅਤੇ ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਨੇ ਜਾਮ ਖ਼ਤਮ ਕਰਨ ਲਈ ਧਰਨਾਕਾਰੀ ਸੰਗਤ ਨਾਲ ਗੱਲਬਾਤ ਜਾਰੀ ਰੱਖੀ। ਦੂਜੇ ਦਿਨ ਦੇ ਇੱਕਠ ਅਤੇ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਵਰਕਰ ਭਾਰੀ ਗਿਣਤੀ ਵਿਚ ਸ਼ਾਮਲ ਹੋਏ। ਪੁਲਿਸ ਕਪਤਾਨ ਪਟਿਆਲਾ ਵੈਭਵ ਚੌਧਰੀ ਤੇ ਸਮਾਣਾ ਦੇ ਪੁਲਿਸ ਉਪ-ਕਪਤਾਨ ਫਤਿਹ ਸਿੰਘ ਬਰਾੜ ਦੀ ਅਗਵਾਈ ਵਿਚ ਭਾਰੀ ਪੁਲਿਸ ਤਾਇਨਾਤ ਕੀਤੀ ਗਈ। ਦੰਗਾ ਵਿਰੋਧੀ ਪੁਲਿਸ ਅਤੇ ਅੱਤਵਾਦ ਵਿਰੁੱਧ ਵਿਸ਼ੇਸ਼ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਬੁਲਟ ਪਰੂਫ਼ ਗੱਡੀਆਂ ਸਥਿਤੀ ਨਾਲ ਨਿਪਟਣ ਲਈ ਤਿਆਰ-ਬਰ-ਖੜ੍ਹੀਆਂ ਰਹੀਆਂ। ਆਗੂਆ ਨੇ ਆਖਿਆ ਕਿ ਨਿੱਕੇ-ਨਿੱਕੇ ਮੁੱਦਿਆਂ ’ਤੇ ਕਾਨੂੰਨ ਬਣਾਉਣ ਵਾਲੀ ਪੰਜਾਬ ਤੇ ਕੇਂਦਰ ਸਰਕਾਰ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਬਣਾਉਣ ਵਿਚ ਟਾਲ-ਮਟੋਲ ਕਰ ਰਹੀ ਹੈ। ਪੰਜਾਬ ਵਿਧਾਨ ਸਭਾ ਵਿਚ ਬਿੱਲ ਪੇਸ਼ ਕਰਨ ਦੇ ਬਾਵਜੂਦ ਉਸ ਨੂੰ ਅੱਗੇ ਨਹੀਂ ਤੋਰਿਆ ਗਿਆ।