ਕਾਰੋਬਾਰੀ ਦੇ ਘਰ ਚੋਰੀ ਕਰਨ ਵਾਲੇ ਛੇ ਕਥਿਤ ਚੋਰ ਕਾਬੂ
ਕਾਰੋਬਾਰੀ ਦੇ ਘਰ ਚੋਰੀ ਕਰਨ ਵਾਲੇ ਛੇ ਕਥਿਤ ਚੋਰ ਕਾਬੂ
Publish Date: Fri, 27 Feb 2026 06:56 PM (IST)
Updated Date: Sat, 28 Feb 2026 04:04 AM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ
ਦੇਵੀਗਡ਼੍ਹ : ਵਿਆਹਾਂ ਦੇ ਸੀਜਨ ਅਤੇ ਧੁੰਦ ਦਾ ਲਾਭ ਉਠਾਉਂਦਿਆਂ ਚੋਰਾਂ ਨੇ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਤਹਿਤ ਤਕਰੀਬਨ ਹਰੇਕ ਕਸਬੇ ਵਿੱਚ ਨਿੱਤ ਨਵੇਂ ਦਿਨ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਹੁੰਦੀ ਰਹਿੰਦੀ ਹੈ। ਇਸ ਤਹਿਤ ਹੀ 8 ਫਰਵਰੀ ਦੀ ਰਾਤ ਨੂੰ ਕਸਬਾ ਦੇਵੀਗਡ਼੍ਹ ਦੇ ਪੁਰਾਣੇ ਬਜ਼ਾਰ ਵਿਖੇ ਇੱਕ ਕਾਰੋਬਾਰੀ ਦੇ ਘਰ ਚੋਰੀ ਦੀ ਵੱਡੀ ਵਾਰਦਾਤ ਹੋ ਗਈ ਸੀ, ਉਸ ਵਿੱਚ ਸ਼ਾਮਲ ਛੇ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਥਾਣਾ ਮੁਖੀ ਜੁਲਕਾਂ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਦੇਵੀਗਡ਼੍ਹ ਦੇ ਪੁਰਾਣੇ ਬਜ਼ਾਰ ਵਿੱਚ ਉੱਘੇ ਕਾਰੋਬਾਰੀ ਅਤੇ ਵਪਾਰੀ ਵੇਦ ਪ੍ਰਕਾਸ਼ ਗਰਗ ਜਦੋਂ ਆਪਣੇ ਪਰਿਵਾਰ ਸਮੇਤ 8 ਫਰਵਰੀ ਨੂੰ ਰਿਸ਼ਤੇਦਾਰੀ ਦੇ ਵਿਆਹ ਸਮਾਗਮ ਵਿੱਚ ਗਏ ਹੋਏ ਸਨ ਤਾਂ ਉਸੇ ਰਾਤ ਨੂੰ ਘਰ ਨੂੰ ਤਾਲਾ ਲੱਗਾ ਹੋਣ ਕਰਕੇ ਕੁਝ ਅਣਪਛਾਤੇ ਵਿਅਕਤੀ ਘਰ ’ਚੋਂ 4 ਲੱਖ ਰੁਪਏ, 3 ਤੋਲੇ ਸੋਨਾ ਅਤੇ ਲਾਈਸੰਸੀ ਰਿਵਾਲਵਰ ਸਮੇਤ 20 ਕਾਰਤੂਸ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਥਾਣਾ ਮੁਖੀ ਜ਼ੁਲਕਾਂ ਬਲਵਿੰਦਰ ਸਿੰਘ ਨੇ ਅੱਜ ਮੁਡ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੋਰੀ ਵਿੱਚ ਕੁੱਲ 6 ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਹਨਾਂ ਕੋਲੋਂ 32 ਬੋਰ ਲਾਈਸੰਸੀ ਰਿਵਾਲਵਰ ਵੀ ਬ੍ਰਾਮਦ ਕਰ ਲਿਆ ਗਿਆ ਹੈ। ਫਡ਼ੇ ਗਏ ਮੁਲਜ਼ਮ ਵਿੱਚ ਪੰਕਜਵੀਰ ਸ਼ਰਮਾ ਪੁੱਤਰ ਕੰਠ ਸ਼ਰਮਾ ਵਾਸੀ ਭੰਬੂਆਂ, ਮਨਦੀਪ ਸ਼ਰਮਾ ਉਰਫ ਰੋਮੀ ਪੁੱਤਰ ਸੋਮ ਲਾਲ ਵਾਸੀ ਭੰਬੂਆਂ, ਰਾਮ ਕਰਨ ਉਰਫ ਭੋਲਾ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਭਸਮਡ਼ਾ, ਅਜੇ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਭੰਬੂਆਂ, ਕੁਨਾਲ ਸ਼ਰਮਾ ਪੁੱਤਰ ਦਿਨੇਸ਼ ਸ਼ਰਮਾ ਵਾਸੀ ਹਡਾਣਾ ਥਾਣਾ ਸਨੌਰ ਅਤੇ ਹਰਕੀਰਤ ਸਿੰਘ ਪੁੱਤਰ ਕਰਮ ਚੰਦ ਵਾਸੀ ਪਿੰਡ ਭੰਬੂਆਂ ਸ਼ਾਮਲ ਹਨ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦਾ 3-3 ਦਿਨਾਂ ਦਾ ਪੁਲਸ ਰਿਮਾਂਡ ਅਦਾਲਤ ਵੱਲੋਂ ਮਿਲਿਆ ਸੀ। ਇਸ ਘਟਨਾ ‘ਚ ਸ਼ਾਮਲ ਦੋ ਮੁਲਜ਼ਮ ਪਹਿਲਾਂ ਹੀ ਜੇਲ੍ਹ ਭੇਜ ਦਿੱਤੇ ਗਏ ਸਨ, ਜਦੋਂ ਕਿ ਚਾਰ ਕਥਿਤ ਦੋਸ਼ੀ ਅੱਜ ਜੇਲ੍ਹ ਭੇਜੇ ਗਏ ਹਨ। ਇਸ ਮੌਕੇ ਹਰਪ੍ਰੀਤ ਸਿੰਘ, ਏ.ਐਸ.ਆਈ. ਮਨਜੀਤ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਗੁਰਪਾਲ ਸਿੰਘ ਅਤੇ ਜਸਵੰਤ ਸਿੰਘ ਸਾਰੇ ਹੋਮਗਾਰਡ ਹਾਜ਼ਰ ਸਨ।