- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਤ ਲਹਿਰ ’ਤੇ ਪੈ ਰਹੀ ਸੰਘਣੀ ਧੁੰਦ, ਹੱਥ ਪੈਰ ਹੋ ਰਹੇ ਸੁੰਨ

ਹੱਢ ਚੀਵਰੀ ਠੰਢ ਨੇ ਛੇੜੀ ਕੰਬਣੀ, ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਰਹੀ 20 ਮੀਟਰ ਤਕ
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਅਕਸਰ ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਠੰਢ ਦਾ ਕਹਿਰ ਘੱਟ ਜਾਂਦਾ ਹੈ ਅਤੇ ਦਿਨ ਖੁੱਲਣੇ ਸ਼ੁਰੂ ਹੋ ਜਾਂਦੇ ਹਨ, ਪ੍ਰੰਤੂ ਇਸ ਸਾਲ ਅਜਿਹਾ ਕੁਝ ਨਹੀਂ ਲੱਗ ਰਿਹਾ। ਠੰਢ ਦਾ ਕਹਿਰ ਘਟਣ ਦੀ ਬਜਾਏ ਆਏ ਦਿਨ ਵਧਦਾ ਜਾ ਰਿਹਾ ਹੈ। ਹਰ ਦਿਨ ਦੀ ਸ਼ੁਰੂਆਤ ਸੰਘਣੇ ਕੋਹਰੇ ਤੇ ਡਿੱਗਦੇ ਤਾਪਮਾਨ ਨਾਲ ਹੋ ਰਹੀ ਹੈ। ਬੀਤੇ ਬੁੱਧਵਾਰ ਦੀ ਰਾਤ ਇਲਾਕੇ ਵਿਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੀਰਵਾਰ ਸਵੇਰੇ ਵੀ ਤਾਪਮਾਨ 5 ਡਿਗਰੀ ਦੇ ਨੇੜੇ-ਤੇੜੇ ਹੀ ਰਿਹਾ। ਸਵੇਰੇ 10 ਵਜੇ ਤਕ ਵੀ ਪਾਰਾ ਮੁਸ਼ਕਲ ਨਾਲ 6 ਡਿਗਰੀ ਸੈਲਸੀਅਸ ਤਕ ਪਹੁੰਚ ਸਕਿਆ। ਦੁਪਹਿਰ ਵੇਲੇ ਭਾਵੇਂ ਹਲਕੀ ਧੁੱਪ ਨਿਕਲੀ ਤੇ ਤਾਪਮਾਨ 12 ਡਿਗਰੀ ਸੈਲਸੀਅਸ ਤੱਕ ਚੜ੍ਹ ਗਿਆ, ਪਰ ਸ਼ਾਮ ਢਲਦਿਆਂ ਹੀ ਫਿਰ ਠੰਢ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ। ਦਿਨ-ਰਾਤ ਦੇ ਤਾਪਮਾਨ ’ਚ ਵੱਡਾ ਅੰਤਰ ਨਾ ਰਹਿਣ ਕਾਰਨ ਸੀਤ ਲਹਿਰ ਦਾ ਪ੍ਰਭਾਵ ਹੋਰ ਵੀ ਤੇਜ਼ ਹੋ ਗਿਆ ਹੈ।
ਬੁੱਧਵਾਰ ਰਾਤ ਇਲਾਕਾ ਸੰਘਣੀ ਧੁੰਦ ਦੀ ਚਪੇਟ ’ਚ ਆ ਗਿਆ, ਜੋ ਵੀਰਵਾਰ ਸਵੇਰੇ ਤਕ ਆਸਮਾਨ ’ਤੇ ਮੋਟੀ ਚਾਦਰ ਵਾਂਗ ਛਾਈ ਰਹੀ। ਧੁੰਦ ਇੰਨੀ ਸੰਘਣੀ ਸੀ ਕਿ ਸੜਕਾਂ ’ਤੇ ਦਿੱਖ 20 ਮੀਟਰ ਤੋਂ ਵੀ ਘੱਟ ਰਹਿ ਗਈ। ਇਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰ ਕੇ ਸਵੇਰੇ ਦੇ ਸਮੇਂ ਹਾਈਵੇ, ਲਿੰਕ ਸੜਕਾਂ ਤੇ ਪਿੰਡਾਂ ਵਾਲੇ ਰਸਤਿਆਂ ’ਤੇ ਵਾਹਨ ਕੀੜੀ ਦੀ ਚਾਲ ਚਲਦੇ ਨਜ਼ਰ ਆਏ। ਧੁੰਦ ਕਾਰਨ ਰੇਲਗੱਡੀਆਂ ਤੇ ਬੱਸਾਂ ਵੀ ਆਪਣੇ ਮੰਜ਼ਲਾਂ ’ਤੇ ਦੇਰ ਨਾਲ ਪਹੁੰਚੀਆਂ। ਦੁਪਹਿਰ 12 ਵਜੇ ਤੋਂ ਬਾਅਦ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਸਮੇਂ ਲਈ ਰਾਹਤ ਮਿਲੀ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ’ਚ ਵੀ ਠੰਢ ਤੋਂ ਰਾਹਤ ਦੇ ਆਸਾਰ ਘੱਟ ਹਨ। ਸੀਤ ਹਵਾਵਾਂ ਕਾਰਨ ਰਾਤ ਦੇ ਤਾਪਮਾਨ ’ਚ ਹੋਰ ਗਿਰਾਵਟ ਆ ਸਕਦੀ ਹੈ। ਸਵੇਰੇ ਤੇ ਰਾਤ ਦੇ ਸਮੇਂ ਸੰਘਣੀ ਧੁੰਦ ਬਣੇ ਰਹਿਣ ਦੀ ਸੰਭਾਵਨਾ ਹੈ, ਜਦਕਿ ਦਿਨ ਦੇ ਸਮੇਂ ਹਲਕੀ ਧੁੱਪ ਨਿਕਲ ਸਕਦੀ ਹੈ। ਹਾਲਾਂਕਿ, ਸੀਤ ਲਹਿਰ ਕਾਰਨ ਧੁੱਪ ਦੀ ਤਪਸ਼ ਜ਼ਿਆਦਾ ਅਸਰ ਨਹੀਂ ਦਿਖਾ ਸਕੇਗੀ। ਇਸ ਸਥਿਤੀ ’ਚ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਸਕੂਲਾਂ ਦੇ ਸਮੇਂ ’ਚ ਤਬਦੀਲੀ
ਲਗਾਤਾਰ ਵੱਧ ਰਹੀ ਠੰਢ ਤੇ ਕੋਹਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸਕੂਲਾਂ ਦੇ ਸਮੇਂ ’ਚ ਤਬਦੀਲੀ ਦੇ ਹੁਕਮ ਜਾਰੀ ਕੀਤੇ ਗਏ ਹਨ। ਸਵੇਰੇ ਦੇ ਸਮੇਂ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਾਰਨ ਬੱਚਿਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਮਾਪਿਆਂ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।
ਵਾਹਨਾਂ ’ਤੇ ਲਗਾਏ ਰਿਫਲੈਕਟਰ
ਸੰਗਰੂਰ ਟ੍ਰੈਫਿਕ ਪੁਲਿਸ ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਵੱਲੋਂ ਵਾਹਨਾਂ ’ਤੇ ਰਿਫਲੈਕਟਰ ਲਾਏ ਗਏ, ਤਾਂ ਜੋ ਧੁੰਦ ਦੇ ਮੌਸਮ ’ਚ ਹਾਦਸਿਆਂ ਤੋਂ ਬਚਿਆ ਜਾ ਸਕੇ। ਧੁੰਦ ਕਾਰਨ ਸਭ ਤੋਂ ਵੱਧ ਦਿੱਕਤ ਵਾਹਨ ਚਾਲਕਾਂ ਨੂੰ ਆ ਰਹੀ ਹੈ। ਜ਼ਿਲ੍ਹਾ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਨੇ ਕਿਹਾ ਕਿ ਧੁੰਦ ਦੇ ਸਮੇਂ ਵਾਹਨ ਚਲਾਉਂਦੇ ਹੋਏ ਵਿਸ਼ੇਸ਼ ਸਾਵਧਾਨੀ ਬਹੁਤ ਜ਼ਰੂਰੀ ਹੈ। ਵਾਹਨ ਚਾਲਕ ਲੋ-ਬੀਮ ਹੈੱਡਲਾਈਟ ਦਾ ਇਸਤੇਮਾਲ ਕਰਨ, ਫੌਗ ਲਾਈਟਾਂ ਦੀ ਸਹੀ ਵਰਤੋਂ ਕਰਨ ਅਤੇ ਬੇਵਜ੍ਹਾ ਓਵਰਟੇਕਿੰਗ ਤੋਂ ਬਚਣ। ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਨਾਲ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸਦੇ ਨਾਲ ਹੀ ਸੁਰੱਖਿਅਤ ਦੂਰੀ ਬਣਾਈ ਰੱਖਣ ਅਤੇ ਇੰਡੀਕੇਟਰ ਦਾ ਸਮੇਂ ਸਿਰ ਇਸਤੇਮਾਲ ਕਰਨਾ ਵੀ ਜ਼ਰੂਰੀ ਹੈ। ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੈਟ ਅਤੇ ਗਰਮ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ।
ਠੰਢ ਤੇ ਕੋਹਰੇ ਨਾਲ ਸਬਜ਼ੀਆਂ ਹੋ ਰਹੀਆਂ ਪ੍ਰਭਾਵਿਤ
ਕਿਸਾਨ ਹਰਦੇਵ ਸਿੰਘ ਅਤੇ ਮੁਹੰਮਦ ਰਫ਼ੀ ਨੇ ਦੱਸਿਆ ਕਿ ਸੰਘਣੀ ਧੁੰਦ, ਕੋਹਰਾ ਅਤੇ ਠੰਢ ਦਾ ਅਸਰ ਸਬਜ਼ੀਆਂ ਦੀਆਂ ਫ਼ਸਲਾਂ ‘ਤੇ ਸਾਫ਼ ਦਿਖਾਈ ਦੇ ਰਿਹਾ ਹੈ। ਕਿਸਾਨਾਂ ਅਨੁਸਾਰ ਠੰਢ ਅਤੇ ਕੋਹਰੇ ਕਾਰਨ ਫੁੱਲਗੋਭੀ, ਮਟਰ, ਟਮਾਟਰ, ਪਾਲਕ ਅਤੇ ਧਨੀਆ ਵਰਗੀਆਂ ਹਰੀਆਂ ਸਬਜ਼ੀਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪੱਤਿਆਂ ‘ਤੇ ਨਮੀ ਜੰਮਣ ਨਾਲ ਫ਼ਸਲ ਵਿੱਚ ਸੜਨ ਦੀ ਸਮੱਸਿਆ ਵੱਧ ਜਾਂਦੀ ਹੈ, ਜਿਸ ਨਾਲ ਉਤਪਾਦਨ ਪ੍ਰਭਾਵਿਤ ਹੁੰਦਾ ਹੈ। ਖੇਤੀਬਾੜੀ ਮਾਹਿਰ ਡਾ. ਮਨਦੀਪ ਸਿੰਘ ਨੇ ਕਿਹਾ ਕਿ ਕਿਸਾਨ ਸਵੇਰੇ ਦੇ ਸਮੇਂ ਹਲਕੀ ਸਿੰਚਾਈ ਕਰਨ, ਤਾਂ ਜੋ ਪਾਲੇ ਦਾ ਅਸਰ ਘੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਖੇਤਾਂ ਵਿੱਚ ਧੂੰਆਂ ਕਰਨ ਜਾਂ ਜੈਵਿਕ ਉਪਾਅ ਅਪਣਾਉਣ ਨਾਲ ਵੀ ਕੁਝ ਹੱਦ ਤੱਕ ਫ਼ਸਲਾਂ ਨੂੰ ਬਚਾਇਆ ਜਾ ਸਕਦਾ ਹੈ