ਸਰਾਫਾ ਬਾਜ਼ਾਰ ਮੰਡੀ ਦਾ ਬੰਦ ਰਾਹ ਖੋਲ੍ਹਣ ਦੀ ਮੰਗ
ਸਰਾਫਾ ਬਜ਼ਾਰ ਮੰਡੀ ਗਲੀ ਦਾ ਬੰਦ ਦਰਵਾਜਾ ਖੋਲਣ ਦੀ ਮੰਗ
Publish Date: Mon, 05 Jan 2026 05:27 PM (IST)
Updated Date: Tue, 06 Jan 2026 04:03 AM (IST)

ਵੱਡੀ ਗਿਣਤੀ ’ਚ ਦੁਕਾਨਦਾਰ ਨਗਰ ਕੌਂਸਲ ਦਫ਼ਤਰ ਪੁੱਜੇ ਮੰਡੀ ਗਲੀ ਦੇ ਦਰਵਾਜੇ ਦੀ ਮੁਰੰਮਤ ਕਰਵਾਉਣ ਤੇ ਖੋਲ੍ਹਣ ਦੀ ਕੌਂਸਰਾਂ ਨੇ ਕੀਤੀ ਹਿਮਾਇਤ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਨਗਰ ਕੌਂਸਲ ਵੱਲੋਂ ਪਿਛਲੇ ਮਹੀਨੇ ਤੋਂ ਬੰਦ ਕੀਤਾ ਗਿਆ ਸਥਾਨਕ ਸਰਾਫਾ ਬਾਜ਼ਾਰ ਮੰਡੀ ਗਲੀ ਦਾ ਦਰਵਾਜਾ ਦੁਬਾਰਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਵੱਡੀ ਗਿਣਤੀ ’ਚ ਦੁਕਾਨਦਾਰ ਨਗਰ ਕੌਂਸਲ ਦਫ਼ਤਰ ਪੁੱਜੇ। ਦੁਕਾਨਦਾਰਾਂ ਨੇ ਨਗਰ ਕੌਂਸਲ ਹਾਊਸ ਦੀ ਮੀਟਿੰਗ ਵਿਚ ਪੁੱਜਕੇ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਤੇ ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ ਸਾਹਮਣੇ ਬਾਜ਼ਾਰ ਦਾ ਬੰਦ ਕੀਤਾ ਗਿਆ ਰਾਹ ਤੁਰੰਤ ਖੋਲਣ ਦੀ ਮੰਗ ਕੀਤੀ। ਮੌਕੇ ’ਤੇ ਮੌਜੂਦ ਕੌਂਸਲਰਾਂ ਨੇ ਵੀ ਕੌਂਸਲ ਅਧਿਕਾਰੀਆਂ ਨਾਲ ਮੰਡੀ ਗਲੀ ਦੇ ਦਰਵਾਜੇ ਦੀ ਮੁਰੰਮਤ ਕਰਵਾਉਣ ਤੇ ਛੇਤੀ ਦਰਵਾਜਾ ਖੋਲਣ ਦੀ ਹਮਾਇਤ ਕੀਤੀ। ਮੰਡੀ ਗਲੀ ਤੋਂ ਪੰਡਤ ਪੰਕਜ ਬਾਵਾ, ਡਿੰਪਲ ਕੁਮਾਰ, ਡਾ. ਪਾਲ. ਗੌਰਵ ਜਿੰਦਲ ਨੇ ਕਿਹਾ ਕਿ ਨਗਰ ਕੌਂਸਲ ਨੇ ਇੱਕ ਮਹੀਨਾ ਪਹਿਲਾਂ ਗਲੀ ਦਾ ਮੁੱਖ ਰਸਤਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਸਰਾਫਾ ਬਜ਼ਾਰ ਵਿੱਚ ਆਉਣ ਵਾਲੇ ਲੋਕਾਂ ਦੀ ਆਵਾਜਾਈ ਠੰਪ ਹੋ ਗਈ ਅਤੇ ਦੁਕਾਨਦਾਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਜਲਦੀ ਇਸ ਰਸਤੇ ਨੂੰ ਖੋਲਿਆ ਜਾਵੇ, ਤਾਂ ਜੋ ਲੋਕਾਂ ਦਾ ਆਉਣਾ ਜਾਣਾ ਸੌਖਾ ਹੋਵੇ ਅਤੇ ਦੁਕਾਨਦਾਰਾਂ ਦਾ ਠੱਪ ਪਿਆ ਕੰਮਕਾਜ ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੂੰ ਇਸ ਰਸਤੇ ਤੇ ਕੋਈ ਮੁਰੰਮਤ ਜਾਂ ਦਰਵਾਜੇ ਨੂੰ ਸੁੱਟਣ ਦਾ ਕੰਮ ਕਰਨਾ ਹੈ ਤਾਂ ਇਸਨੂੰ ਛੇਤੀ ਮੁਕੰਮਲ ਕਰਕੇ ਰਸਤਾ ਖੋਲਿਆ ਜਾਵੇ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ ਨੇ ਕਿਹਾ ਕਿ ਮੰਡੀ ਗਲੀ ਇਸ ਰਸਤੇ ਤੇ ਬਣੇ ਗੇਟ ਦੀ ਛੱਤ ਖਸਤਾਹਾਲ ਹੋ ਚੁੱਕੀ ਹੈ। ਇਸਨੂੰ ਅਣਸੁਰੱਖਿਅਤ ਐਲਾਨਿਆਂ ਜਾ ਚੁੱਕਾ ਹੈ, ਜਿਸਨੂੰ ਨਗਰ ਕੌਂਸਲ ਦੇ ਹਾਊਸ ਨੇ ਵੀ ਤੋੜਣ ਦਾ ਮਤਾ ਪਾਸ ਕੀਤਾ ਹੋਇਆ ਹੈ। ਇਸ ਦਰਵਾਜੇ ਦੇ ਥੱਲਿਓਂ ਲੰਘਣ ਦੇ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਰਸਤੇ ਨੂੰ ਬੰਦ ਕੀਤਾ ਗਿਆ ਹੈ। ਦੁਕਾਨਦਾਰਾਂ ਵੱਲੋਂ ਇਸਨੂੰ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਛੇਤੀ ਵਿਚਾਰ ਚਰਚਾ ਕਰਕੇ ਫੈਸਲਾ ਲਿਆ ਜਾਵੇਗਾ। ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਰਸਤਾ ਖੋਲਣ ਦੀ ਮੰਗ ਕੀਤੀ ਗਈ ਹੈ ਅਤੇ ਵਿਚਾਰ ਚਰਚਾ ਕਰਨ ਮਗਰੋਂ ਫੈਸਲਾ ਲਿਆ ਜਾਵੇਗਾ, ਤਾਂ ਜੋ ਕਿਸੇ ਰਾਹਗੀਰ ਦਾ ਕੋਈ ਜਾਨ ਮਾਲ ਦਾ ਨੁਕਸਾਨ ਨ ਹੋ ਸਕੇ। ਇਸ ਅਣਸੁਰਖਿਅਤ ਗੇਟ ਨੂੰ ਸੁੱਟਣ ਜਾਂ ਮੁਰੰਮਤ ਕਰਵਾਉਣ ਸੰਬੰਧੀ ਹਾਲੇ ਫੈਸਲਾ ਹੋਣਾ ਬਾਕੀ ਹੈ।