ਗੰਦੇ ਪਾਣੀ ਦੀ ਸਮੱਸਿਆ ਹੱਲ ਨਾ ਹੋਣ ’ਤੋ ਲੋਕਾਂ ’ਚ ਰੋਸ
ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
Publish Date: Sat, 10 Jan 2026 04:25 PM (IST)
Updated Date: Sun, 11 Jan 2026 04:01 AM (IST)

ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਨਗਰ ਕੌਂਸਲ ਵਲੋਂ ਸ਼ਹਿਰ ਵਿੱਚ ਵਾਟਰ ਵਰਕਸ ਤੋਂ ਲਗਾਤਾਰ ਸਪਲਾਈ ਹੋ ਰਹੇ ਗੰਧਲੇ ਤੇ ਸੀਵਰੇਜ਼ ਮਿਲੇ ਪਾਣੀ ਦੀ ਸਪਲਾਈ ਦਾ ਮਸਲਾ ਠੀਕ ਦਾ ਨਹੀਂ ਦਿਖ ਰਿਹਾ। ਜਿਸ ਦੇ ਚਲਦਿਆਂ ਸ਼ਹਿਰ ਦੇ ਲੋਕਾਂ ਵਿਚ ਇਸ ਮਸਲੇ ਖ਼ਿਲਾਫ਼ ਰੋਹ ਵੱਧਦਾ ਜਾ ਰਿਹਾ ਹੈ। ਬਿਰਧ ਆਸ਼ਰਮ ਵਿੱਚ ਜਨਤਕ ਜੱਥੇਬੰਦੀਆਂ ਦੇ ਸੱਦੇ ਤੇ ਭਰਵਾਂ ਇੱਕਠ ਹੋਇਆ ,ਜਿਸ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਸ਼ਹਿਰ ਦੇ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਗੰਭੀਰ ਮਸਲੇ ਤੇ ਬੁਲਾਰਿਆਂ ਨੇ ਸਥਾਨਕ ਨਗਰ ਕੌਂਸਲ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਤੇਵਰ ਤਿੱਖੇ ਕਰਦਿਆਂ ਕਿਹਾ,ਕਿ ਲੰਮੇ ਸਮੇਂ ਤੋਂ ਵਾਰ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਉਹ ਇਸ ਮਾਮਲੇ ਸਬੰਧੀ ਸੰਜੀਦਾ ਨਹੀਂ, ਸਿਰਫ਼ ਲਿਪਪੋਚੀ ਕਰਕੇ ਡੰਗ ਟਪਾਈ ਕਰ ਰਹੇ ਹਨ। ਇੱਕਠ ਨੂੰ ਸੰਬੋਧਨ ਕਰਦਿਆਂ ਲੋਕ ਚੇਤਨਾ ਮੰਚ ਦੇ ਆਗੂ ਹਰਭਗਵਾਨ ਗੁਰਨੇ, ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਬਜੀਤ ਸ਼ਰਮਾ, ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਗਜੀਤ ਭੁਟਾਲ, ਡਾ. ਬਿਹਾਰੀ ਮੰਡੇਰ, ਸਾਬਕਾ ਐਮਸੀ ਨੀਟੂ ਸ਼ਰਮਾ, ਨਾਥਾ ਸਿੰਘ ਐਮਸੀ, ਲਛਮਣ ਅਲੀਸ਼ੇਰ, ਗੁਰਚਰਨ ਸਿੰਘ, ਗੁਰਨਾਮ ਸਿੰਘ ਸੰਧੂ ਨੰਬਰਦਾਰ, ਤਰਨ ਖਰੌੜ, ਸੁਖਪਾਲ ਸ਼ਰਮਾ,ਮਨਜੀਤ ਸਿੰਘ ਤੋਂ ਇਲਾਵਾ ਹੋਰਨਾਂ ਬੁਲਾਰਿਆ ਨੇ ਕਿਹਾ, ਕਿ ਅੱਜ ਅਸੀਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਇਕ ਹਫ਼ਤੇ ਵਿੱਚ ਪਾਣੀ ਦੇ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ 17 ਜਨਵਰੀ ਨੂੰ ਇਕੱਠ ਕਰਕੇ ਸ਼ੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਮੰਤਰੀ ਦੇ ਨੁਮਾਇੰਦਿਆਂ ਨੇ ਇੱਕਠ ਵਿੱਚ ਆ ਕੇ ਮੰਗ ਪੱਤਰ ਲਿਆ ਤੇ ਮੰਤਰੀ ਸਾਹਿਬ ਨੂੰ ਤੁਰੰਤ ਪਹੁੰਚਾਉਣ ਦਾ ਤੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ।