ਰੇਲਵੇ ਸਟੇਸ਼ਨ ’ਤੇ ਲਿਫਟ ਲਾਉਣ ਲਈ ਦਿੱਤਾ ਮੰਗ ਪੱਤਰ
ਰੇਲਵੇ ਸਟੇਸ਼ਨ ’ਤੇ ਲਿਫਟ ਲਾਉਣ ਲਈ ਦਿੱਤਾ ਮੰਗ ਪੱਤਰ
Publish Date: Thu, 15 Jan 2026 05:04 PM (IST)
Updated Date: Fri, 16 Jan 2026 04:04 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਗੈਰ ਸਿਆਸੀ ਜਥੇਬੰਦੀ ਧੂਰੀ ਵਿਕਾਸ ਮੰਚ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਵਿਖੇ ਮੁਸਾਫ਼ਰਾਂ ਦੀ ਸਹੂਲਤ ਲਈ ਇਲੈਕਟ੍ਰਾਨਿਕ ਲਿਫਟ ਲਾਉਣ ਦੀ ਮੰਗ ਨੂੰ ਲੈ ਕੇ ਜਨਰਲ ਮੈਨੇਜਰ, ਉੱਤਰ ਰੇਲਵੇ ਦੇ ਨਾਂ ਇਕ ਮੰਗ ਪੱਤਰ ਸਟੇਸ਼ਨ ਸੁਪਰਡੈਂਟ ਧੂਰੀ ਨੂੰ ਸੌਂਪਿਆ ਗਿਆ। ਇਸ ਮੌਕੇ ਮੰਚ ਦੇ ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ, ਉੱਪ ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ, ਪ੍ਰਧਾਨ ਅਮਨ ਗਰਗ, ਸਕੱਤਰ ਜਨਰਲ ਹੰਸਰਾਜ ਬਜਾਜ ਤੇ ਮੀਡੀਆ ਸਕੱਤਰ ਮਨੋਹਰ ਸਿੰਘ ਸੱਗੂ ਨੇ ਰੇਲਵੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਕਿ ਧੂਰੀ ਰੇਲਵੇ ਸਟੇਸ਼ਨ ਪੰਜਾਬ ਦਾ ਇਕ ਅਹਿਮ ਜੰਕਸ਼ਨ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਮੁਸਾਫ਼ਰ ਗੁਜ਼ਰਦੇ ਹਨ। ਪਰ ਸਟੇਸ਼ਨ ਦੇ ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ’ਤੇ ਜਾਣ ਲਈ ਲਿਫਟ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਚ ਦੇ ਮੈਂਬਰਾਂ ਨੇ ਦੱਸਿਆ ਕਿ ਸਟੇਸ਼ਨ ਦੀਆਂ ਉੱਚੀਆਂ ਤੇ ਤੰਗ ਪੌੜੀਆਂ ਚੜ੍ਹਨਾ ਬਜ਼ੁਰਗਾਂ, ਦਿਵਿਆਂਗਾਂ, ਗਰਭਵਤੀ ਔਰਤਾਂ ਤੇ ਬਿਮਾਰ ਮਰੀਜ਼ਾਂ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਹੈ। ਭਾਰੀ ਸਾਮਾਨ ਚੁੱਕੀ ਫਿਰਦੇ ਮੁਸਾਫ਼ਰਾਂ ਲਈ ਵੀ ਇਹ ਪੌੜੀਆਂ ਹਾਦਸਿਆਂ ਦਾ ਸਬੱਬ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਬਜ਼ੁਰਗ ਮੁਸਾਫ਼ਰ ਪੌੜੀਆਂ ਚੜ੍ਹਨ ਤੋਂ ਅਸਮਰੱਥ ਹੋਣ ਕਾਰਨ ਆਪਣੀ ਗੱਡੀ ਤੱਕ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ। ਧੂਰੀ ਵਿਕਾਸ ਮੰਚ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਦੀ ਸੁਗਮ ਭਾਰਤ ਅਭਿਆਨ ਨੀਤੀ ਤਹਿਤ ਜਨਤਕ ਥਾਵਾਂ ਨੂੰ ਰੁਕਾਵਟ ਮੁਕਤ ਬਣਾਇਆ ਜਾਵੇ ਅਤੇ ਧੂਰੀ ਸਟੇਸ਼ਨ ’ਤੇ ਤੁਰੰਤ ਇਲੈਕਟ੍ਰਾਨਿਕ ਲਿਫਟਾਂ ਸਥਾਪਿਤ ਕੀਤੀਆਂ ਜਾਣ। ਸਟੇਸ਼ਨ ਸੁਪਰਡੈਂਟ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਭਰੋਸਾ ਦਿੱਤਾ ਕਿ ਇਹ ਮੰਗ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਜਾਵੇਗੀ।