ਧੂਰੀ ਹਲਕੇ 'ਚ ਵਿਕਾਸ ਕੰਮਾਂ ਨਾਲ ਮਿਸਤਰੀਆਂ ਤੇ ਲੇਬਰ ਦੀ ਮੰਗ ਵਧੀ
ਧੂਰੀ ਹਲਕੇ 'ਚ ਵਿਕਾਸ ਕੰਮਾਂ ਨਾਲ ਮਿਸਤਰੀਆਂ ਤੇ ਲੇਬਰ ਦੀ ਮੰਗ ਵਧੀ
Publish Date: Fri, 16 Jan 2026 03:58 PM (IST)
Updated Date: Sat, 17 Jan 2026 04:01 AM (IST)

ਬਿਨ੍ਹਾਂ ਪੱਖਪਾਤ ਮਾਨ ਸਰਕਾਰ ਕਰ ਰਹੀ ਹੈ ਪਿੰਡਾਂ ਦਾ ਵਿਕਾਸ: ਅਮਨਦੀਪ ਕੌਰ ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਹਲਕੇ ਅੰਦਰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਡੀ ਪੱਧਰ ’ਤੇ ਵਿਕਾਸ ਕਾਰਜਾਂ ਸਦਕਾ ਇਹ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਸੜਕਾਂ, ਗਲੀਆਂ, ਨਾਲੀਆਂ, ਸਟਰੀਟ ਲਾਈਟਾਂ, ਡਰੇਨਜ ਪ੍ਰਣਾਲੀ, ਸਰਕਾਰੀ ਇਮਾਰਤਾਂ, ਕਮਿਊਨਿਟੀ ਹਾਲ ਅਤੇ ਹੋਰ ਬੁਨਿਆਦੀ ਢਾਂਚਾਗਤ ਪ੍ਰਾਜੈਕਟਾਂ ’ਤੇ ਲਗਾਤਾਰ ਕੰਮ ਚੱਲ ਰਹੇ ਹਨ, ਜਿਸ ਸਦਕਾ ਹਲਕੇ ’ਚ ਮਿਸਤਰੀਆਂ ਤੇ ਲੇਬਰ ਦੀ ਮੰਗ ਕਾਫ਼ੀ ਵੱਧ ਗਈ ਹੈ। ਬੀਡੀਪੀਓ ਧੂਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਨਿਰਮਾਣ ਕਾਰਜ ਇਕੱਠੇ ਚੱਲਣ ਕਾਰਨ ਸਥਾਨਕ ਹੀ ਨਹੀਂ, ਸਗੋਂ ਨੇੜਲੇ ਇਲਾਕਿਆਂ ਤੋਂ ਵੀ ਮਿਸਤਰੀਆਂ ਤੇ ਮਜ਼ਦੂਰਾਂ ਦੀ ਮੰਗ ਵਧੀ ਹੈ। ਇਸ ਨਾਲ ਨਿਰਮਾਣ ਖੇਤਰ ਨਾਲ ਜੁੜੇ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ ਤੇ ਹਲਕੇ ਦੀ ਆਰਥਿਕ ਗਤੀਵਿਧੀਆਂ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ’ਚ ਲੇਬਰ ਰਾਜਸਥਾਨ, ਮੱਧ ਪ੍ਰਦੇਸ਼ ਤੇ ਹਰਿਆਣਾ ਤੋਂ ਵੀ ਲਿਆਂਦੀ ਗਈ ਹੈ ਤਾਂ ਜੋ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਰਹੇ। ਧੂਰੀ ਹਲਕੇ ਦੇ ਪਿੰਡ ਬਨਭੌਰੀ ਦੇ ਸਰਪੰਚ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਆਜ਼ਾਦ ਤੌਰ ਉੱਤੇ ਜਿੱਤਕੇ ਪਿੰਡ ਦੇ ਸਰਪੰਚ ਬਣੇ ਹਨ, ਪਰ ਪੰਜਾਬ ਸਰਕਾਰ ਨੇ ਬਿਨ੍ਹਾਂ ਕਿਸੇ ਪੱਖਪਾਤ ਦੇ ਪਿੰਡ ਨੂੰ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਹਨ, ਜਿਸ ਸਦਕਾ 7.50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ’ਚ ਸੀਸੀਟੀਵੀ ਲਗਾਏ ਗਏ ਹਨ ਤੇ ਪਿੰਡ ’ਚ 10 ਲੱਖ ਦੀ ਲਾਗਤ ਨਾਲ 60-60 ਫੁੱਟ ਉੱਤੇ ਐੱਲਈਡੀ. ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ 10 ਲੱਖ ਰੁਪਏ ਦੀ ਲਾਗਤ ਨਾਲ ਆਂਗਨਵਾੜੀ ਦੀ ਬਿਲਡਿੰਗ ਬਣਾਈ ਗਈ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਨਾਲ ਮਿਲਣੀ ਦੌਰਾਨ ਪਿੰਡ ਵਿਚ ਸਟੇਡੀਅਮ ਬਣਾਉਣ ਲਈ ਕਿਹਾ ਗਿਆ ਸੀ ਜਿਸ ਲਈ 50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਹਨ।