ਆਲ ਇੰਡੀਆ ਡਿਮਾਂਡਜ਼ ਡੇਅ ਮਨਾਇਆ ਗਿਆ
ਆਲ ਇੰਡੀਆ ਡਿਮਾਂਡਜ਼ ਡੇਅ ਮਨਾਇਆ ਗਿਆ
Publish Date: Mon, 02 Feb 2026 04:41 PM (IST)
Updated Date: Mon, 02 Feb 2026 04:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਨਾਰਦਨ ਰੇਲਵੇ ਮੈਨਜ਼ ਯੂਨੀਅਨ ਸਰਹਿੰਦ ਬ੍ਰਾਂਚ ਵੱਲੋਂ ਰਾਜਪੁਰਾ ਵਿਖੇ ਏਡੀਈਐਨ ਦਫ਼ਤਰ ਦੇ ਸਾਹਮਣੇ ਇਕ ਵਿਸ਼ਾਲ ਗੇਟ ਮੀਟਿੰਗ ਕਰਵਾਈ ਗਈ। ਇਸ ਗੇਟ ਮੀਟਿੰਗ ਦੀ ਪ੍ਰਧਾਨਗੀ ਸਰਹਿੰਦ ਬ੍ਰਾਂਚ ਦੇ ਸਕੱਤਰ ਜਗਦੀਪ ਸਿੰਘ ਨੇ ਕੀਤੀ। ਇਸ ਮੌਕੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਬ੍ਰਾਂਚ ਸਕੱਤਰ ਜਗਦੀਪ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਤੇ ਨਾਰਦਨ ਰੇਲਵੇ ਮੈਨਜ਼ ਯੂਨੀਅਨ ਦੇ ਮਹਾਂ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਦੇ ਆਦੇਸ਼ਾਂ ਅਨੁਸਾਰ ਅੱਜ ਆਲ ਇੰਡੀਆ ਡਿਮਾਂਡਜ਼ ਡੇਅ ਦਾ ਕਾਰਜਕ੍ਰਮ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤ ਸਰਕਾਰ ਅਤੇ ਰੇਲ ਮੰਤਰਾਲਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਸਭ ਤੋਂ ਅਹਿਮ ਮੰਗਾਂ ਵਿੱਚ ਅੱਠਵੇਂ ਪੇਅ ਕਮਿਸ਼ਨ ਦੀ ਜਲਦੀ ਗਠਨ, ਰੇਲਵੇ ਵਿਚ ਨਿੱਜੀਕਰਨ ਤੇ ਨਿਗਮੀਕਰਨ ਨੂੰ ਤੁਰੰਤ ਰੋਕਣਾ, ਰੇਲਵੇ ਕਰਮਚਾਰੀਆਂ ਨੂੰ ਮਿਲਦੇ ਬੋਨਸ ਦੀ ਸੀਲਿੰਗ ਤੁਰੰਤ ਖਤਮ ਕਰਨਾ, ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਜਲਦ ਲਾਗੂ ਕਰਵਾਉਣਾ ਅਤੇ ਯੂਪੀਐਸ ਸਕੀਮ ਵਿਚ ਸੁਧਾਰ ਕਰਨਾ ਸ਼ਾਮਲ ਹਨ। ਇਨ੍ਹਾਂ ਸਮੇਤ ਅਨੇਕਾਂ ਹੋਰ ਮੁੱਦਿਆਂ ਲਈ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਲਗਾਤਾਰ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਨੌਜਵਾਨ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਨਾਰਦਨ ਰੇਲਵੇ ਮੈਨਜ਼ ਯੂਨੀਅਨ ਨਾਲ ਜੁੜਨ ਅਤੇ ਸੰਗਠਨ ਦੀ ਤਾਕਤ ਨੂੰ ਪਛਾਣਨ। ਇਸ ਮੌਕੇ ਮਨਜੀਤ ਸਿੰਘ, ਸੁਮਿਤ ਕੁਮਾਰ, ਸਰਬਜੀਤ ਸਿੰਘ, ਵਿਪਨ ਕੁਮਾਰ, ਪਰਅੰਸ਼ੂ ਕੁਮਾਰ, ਰੂਪ ਰਾਮ ਮੀਨਾ, ਸੁਰੇਸ਼ ਕੁਮਾਰ, ਰਕੇਸ਼ ਕੁਮਾਰ, ਸੀਮਾ, ਗੁਲਸ਼ਨ ਕੁਮਾਰ, ਰਣਜੀਤ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਰੇਲਵੇ ਕਰਮਚਾਰੀ ਹਾਜ਼ਰ ਸਨ।