ਹਲਕੇ ਦੀਆਂ 45 ਕਿਲੋਮੀਟਰ ਸੜਕਾਂ ਬਣਨਗੀਆਂ ਨਵੀਆਂ: ਚੇਅਰਮੈਨ ਸੂਦ
ਰਾਜਪੁਰਾ ਹਲਕੇ ਦੀਆਂ 45 ਕਿਲੋਮੀਟਰ ਸੜਕਾਂ ਬਣਨਗੀਆਂ ਨਵੀਆਂ: ਚੇਅਰਮੈਨ ਸੂਦ
Publish Date: Tue, 06 Jan 2026 04:34 PM (IST)
Updated Date: Tue, 06 Jan 2026 04:35 PM (IST)

ਫੋਟੋ 6ਪੀਟੀਐਲ: 1 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ ਨਵੀਆਂ ਬਣਾਉਣ ਅਤੇ ਪੁਰਾਣੀਆਂ ਦੀ ਮੁਰੰਮਤ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਇਸੇ ਲੜੀ ਦੇ ਤਹਿਤ ਰਾਜਪੁਰਾ ਹਲਕੇ ਦੀਆਂ 45 ਕਿਲੋਮੀਟਰ ਸੜਕਾਂ ਲਈ 13 ਕਰੋੜ 97 ਲੱਖ ਰੁਪਏ ਦੀ ਰਾਸ਼ੀ ਦੀ ਪ੍ਰਸ਼ਾਸਕੀ ਪ੍ਰਵਾਨਗੀ ਮਿਲ ਚੁੱਕੀ ਹੈ। ਇਹ ਜਾਣਕਾਰੀ ਚੇਅਰਮੈਨ ਦੀਪਕ ਸੂਦ ਨੇ ਪੀਡਬਲਿਊਡੀ ਵਿਭਾਗ ਦੇ ਐੱਸਡੀਓ ਯਾਦਵਿੰਦਰ ਸ਼ਰਮਾ ਅਤੇ ਜੇਈ ਸਾਹਿਬਾਨ ਨਾਲ ਸੜਕਾਂ ਨੂੰ ਮੁਕੰਮਲ ਕਰਨ ਸਬੰਧੀ ਬੁਲਾਈ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜਪੁਰਾ ਹਲਕੇ ਦੀ ਢਕਾਨਸੂ ਤੋਂ ਮਾਂਗਪੁਰ,ਜੀਟੀ ਰੋਡ ਤੋਂ ਮਹਿਤਾਬਗੜ੍ਹ, ਚੰਡੀਗੜ੍ਹ ਰੋਡ ਤੋਂ ਖੜੌਲਾ ਵਾਇਆ ਕੋਟਲਾ, ਉਕਸੀ ਸੈਣੀਆਂ,ਉਕਸੀ ਜੱਟਾਂ, ਚੰਦੂਆਂ ਖੁਰਦ ਤੋਂ ਭੇਡਵਾਲ, ਨਲਾਸ ਤੋਂ ਬਖਸ਼ੀ ਵਾਲਾ ਆਦਿ ਪਿੰਡਾਂ ਦੀਆਂ 45 ਕਿਲੋਮੀਟਰ ਸੜਕਾਂ ਲਈ 13 ਕਰੋੜ 97 ਲੱਖ ਰੁਪਏ ਦੀ ਰਾਸ਼ੀ ਦੀ ਪ੍ਰਸ਼ਾਸਕੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਇਹਨਾਂ 45 ਕਿਲੋਮੀਟਰ ਸੜਕਾਂ ਨੂੰ ਬਣਾਉਣ ਲਈ ਠੇਕੇਦਾਰਾਂ ਤੋਂ ਟੈਂਡਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਪੀਡਬਲਿਊਡੀ ਦੇ ਐਸਡੀਓ ਯਾਦਵਿੰਦਰ ਸ਼ਰਮਾ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਿੰਡਾਂ ਦੀਆਂ 45 ਕਿਲੋਮੀਟਰ ਸੜਕਾਂ 31 ਮਾਰਚ 2026 ਤੱਕ ਹਰ ਹਾਲਤ ਵਿਚ ਮੁਕੰਮਲ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਰਾਜਪੁਰਾ ਹਲਕੇ ਦੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਸ਼ਹਿਰ ਆਉਣ ਜਾਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੜਕਾਂ ਦੀ ਵਧੀਆ ਕੁਆਲਿਟੀ ਲਈ ਸੜਕ ਬਣਨ ਤੋਂ ਅਗਲੇ ਪੰਜ ਸਾਲ ਤੱਕ ਮੈਂਟੀਨੈਸ ਸੜਕ ਦੀ ਮੁਰੰਮਤ ਦੀ ਜਿੰਮੇਵਾਰੀ ਵੀ ਠੇਕੇਦਾਰਾਂ ਨੂੰ ਦਿੱਤੀ ਜਾ ਰਹੀ ਹੈ। ਸੂਦ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਨਵੀਆਂ ਸੜਕਾਂ ਅਤੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।ਇਸ ਮੌਕੇ ਜੇਈ ਕੁਮਾਰ ਗੌਰਵ, ਉਮੰਗ ਅਹੂਜਾ ਅਤੇ ਅਮਨਪ੍ਰੀਤ ਸਿੰਘ ਵੀ ਮੌਜੂਦ ਸਨ।