ਡੀਏਵੀ ਸਕੂਲ ’ਚ ਐਨਸੀਸੀ ‘ਤੇ ਪ੍ਰੇਰਣਾਤਮਕ ਸੈਸ਼ਨ ਆਯੋਜਿਤ
ਡੀਏਵੀ ਸਕੂਲ ਪਟਿਆਲਾ ਵਿੱਚ ਐਨਸੀਸੀ ‘ਤੇ ਪ੍ਰੇਰਣਾਤਮਕ ਸੈਸ਼ਨ ਆਯੋਜਿਤ
Publish Date: Thu, 09 Apr 2026 05:29 PM (IST)
Updated Date: Fri, 10 Apr 2026 04:09 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ਦੇ ਅਟਲ ਟਿੰਕਰਿੰਗ ਲੈਬ ’ਚ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ’ਤੇ ਇੱਕ ਪ੍ਰੇਰਣਾਤਮਕ ਸੈਸ਼ਨ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਏਐੱਨਓ ਮੋਨਿਕਾ ਗੁਪਤਾ ਵੱਲੋਂ ਕਰਵਾਇਆ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਐਨਸੀਸੀ ਨਾਲ ਜੁੜਨ ਅਤੇ ਇੱਕ ਅਨੁਸ਼ਾਸਿਤ ਤੇ ਉੱਜਵਲ ਭਵਿੱਖ ਦੀ ਰਚਨਾ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਪ੍ਰਭਾਵਸ਼ਾਲੀ ਪਾਵਰਪੋਇੰਟ ਪ੍ਰਜ਼ੈਂਟੇਸ਼ਨ ਦਿੱਤੀ। ਸ਼੍ਰੀਮਤੀ ਗੁਪਤਾ ਨੇ ਸੈਸ਼ਨ ਦੀ ਸ਼ੁਰੂਆਤ ਐਨਸੀਸੀ ਦੇ ਉਦੇਸ਼ ਅਤੇ ਇਸਦੇ ਮੋਟੋ “ਏਕਤਾ ਅਤੇ ਅਨੁਸ਼ਾਸਨ” ਨਾਲ ਕੀਤੀ। ਉਨ੍ਹਾਂ ਨੇ ਐੱਨਸੀਸੀ ਦੀ ਸੰਰਚਨਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ 3 ਵਿਭਾਗ ਥਲ ਸੈਨਾ, ਨੇਵੀ ਅਤੇ ਏਅਰ ਫੋਰਸ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਨੇ ਡ੍ਰਿਲ, ਟ੍ਰੇਨਿੰਗ ਕੈਂਪ, ਸਮਾਜ ਸੇਵਾ, ਸਾਹਸਿਕ ਗਤੀਵਿਧੀਆਂ ਅਤੇ ਪਰੇਡ ਵਰਗੀਆਂ ਕਈ ਗਤੀਵਿਧੀਆਂ ਬਾਰੇ ਵੀ ਦੱਸਿਆ ਤੇ ਐੱਨਸੀਸੀ ਕੈਡੇਟ ਬਣਨ ਦੇ ਲਾਭਾਂ ‘ਤੇ ਵੀ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਨੇ ਐਨਸੀਸੀ ਰਾਹੀਂ ਮਿਲਣ ਵਾਲੀਆਂ ਕਰੀਅਰ ਸੰਭਾਵਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ‘B’ ਅਤੇ ‘C’ ਸਰਟੀਫਿਕੇਟ ਧਾਰਕਾਂ ਨੂੰ ਐਸਐਸਬੀ ਇੰਟਰਵਿਊ ’ਚ ਸਿੱਧੀ ਐਂਟਰੀ ਬਾਰੇ ਵੀ ਦੱਸਿਆ ਗਿਆ। ਇਹ ਸੈਸ਼ਨ ਬਹੁਤ ਹੀ ਇੰਟਰਐਕਟਿਵ ਰਿਹਾ, ਜਿਸ ਦੌਰਾਨ ਵਿਦਿਆਰਥੀਆਂ ਨੇ ਦਾਖਲਾ ਪ੍ਰਕਿਰਿਆ, ਵਰਦੀ, ਕੈਂਪ ਤੇ ਦਿਨਚਰੀ ਗਤੀਵਿਧੀਆਂ ਸਬੰਧੀ ਕਈ ਸਵਾਲ ਪੁੱਛੇ। ਪ੍ਰਜ਼ੈਂਟੇਸ਼ਨ ’ਚ ਗਣਤੰਤਰ ਦਿਵਸ ਪਰੇਡ, ਟ੍ਰੈਕਿੰਗ ਕੈਂਪ, ਸਮਾਜ ਸੇਵਾ ਮੁਹਿੰਮਾਂ ਅਤੇ ਫਾਇਰਿੰਗ ਪ੍ਰੈਕਟਿਸ ਨਾਲ ਸਬੰਧਤ ਪ੍ਰੇਰਣਾਦਾਇਕ ਦ੍ਰਿਸ਼ ਵੀ ਦਿਖਾਏ ਗਏ, ਜਿਨ੍ਹਾਂ ਨੇ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਕੀਤਾ। ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐੱਨਸੀਸੀ ਚੁਣਨ ਲਈ ਪ੍ਰੇਰਿਤ ਕੀਤਾ ਅਤੇ ਇਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਕਿ ਇਹ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਂਦਾ ਹੈ ਅਤੇ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਦਾ ਹੈ। ਇਹ ਸੈਸ਼ਨ ਬਹੁਤ ਹੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਅਤੇ ਸਫਲ ਰਿਹਾ, ਜਿਸ ਨੇ ਵਿਦਿਆਰਥੀਆਂ ਨੂੰ ਐੱਨਸੀਸੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।