ਬਾਲ ਸਾਹਿਤਕਾਰ ਡਾ. ਆਸ਼ਟ ਨੇ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ
ਰੂ-ਬ-ਰੂ ਪ੍ਰੋਗਰਾਮ ਦੌਰਾਨ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਨੇ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ
Publish Date: Fri, 06 Feb 2026 04:36 PM (IST)
Updated Date: Fri, 06 Feb 2026 04:38 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਤੇ ਡਿਪਟੀ ਡੀਈਓ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸਤਿਕਾਰਤ ਸ਼ਖ਼ਸੀਅਤਾਂ ਨਾਲ ਮਿਲਵਾਇਆ ਜਾ ਰਿਹਾ ਹੈ। ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਵਿੱਚ ਵਿਦਿਆਰਥੀਆਂ ਦੇ ਬੌਧਿਕ ਅਤੇ ਸਾਹਿਤਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹੈੱਡ ਮਾਸਟਰ ਰਾਜੀਵ ਕੁਮਾਰ ਡੀਐੱਸਐੱਮ ਦੀ ਦੇਖ-ਰੇਖ ਹੇਠ ਮਾਹਿਰ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਸਿੱਧ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਦਰਸ਼ਨ ਸਿੰਘ ਆਸ਼ਟ ਜੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਬਾਲ ਸਾਹਿਤਕਾਰ ਪੁਰਸਕ੍ਰਿਤ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤਕਾਰ ਪੁਰਸਕ੍ਰਿਤ ਅਤੇ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਪ੍ਰਸਿੱਧ ਲੇਖਕ ਹਨ। ਉਨ੍ਹਾਂ ਨੇ ਵਿਦਿਆਰਥੀਆਂ ਲਈ 130 ਤੋਂ ਵੱਧ ਬਾਲ ਸਾਹਿਤ ਦੀਆਂ ਕਿਤਾਬਾਂ ਲਿਖ ਕੇ ਬਾਲ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਆਪਣੇ ਪ੍ਰੇਰਣਾਦਾਇਕ ਸੰਬੋਧਨ ਦੌਰਾਨ ਡਾ. ਆਸ਼ਟ ਜੀ ਨੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਵਿਕਸਿਤ ਕਰਨ, ਸਾਹਿਤ ਨਾਲ ਜੁੜਨ ਅਤੇ ਰਚਨਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰਸ਼ਨਕਾਲ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛ ਕੇ ਸਾਹਿਤਕ ਗਿਆਨ ਵਿੱਚ ਵਾਧਾ ਕੀਤਾ। ਇਸ ਮੌਕੇ ਹੈੱਡ ਮਾਸਟਰ ਰਾਜੀਵ ਕੁਮਾਰ, ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕ ਵਰਗ ਵੱਲੋਂ ਡਾ. ਦਰਸ਼ਨ ਸਿੰਘ ਆਸ਼ਟ ਦਾ ਹਾਰਦਿਕ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਇਸ ਤਰ੍ਹਾਂ ਦੇ ਪ੍ਰੇਰਣਾਦਾਇਕ ਅਤੇ ਗਿਆਨ ਵਧਾਊ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਲਾਭਕਾਰੀ ਸਾਬਤ ਹੁੰਦੇ ਹਨ।