ਦਾਮਨ ਬਾਜਵਾ ਨੇ ਕਿਸਾਨ ਆਗੂਆਂ ਦੇ ਨਾਂਅ ਸਾਂਝੀ ਕੀਤੀ ਭਾਵੁਕ ਪੋਸਟ
ਦਾਮਨ ਬਾਜਵਾ ਨੇ ਕਿਸਾਨ ਆਗੂਆਂ ਦੇ ਨਾਂਅ ਸਾਂਝੀ ਕੀਤੀ ਭਾਵੁਕ ਪੋਸਟ
Publish Date: Sun, 22 Feb 2026 04:24 PM (IST)
Updated Date: Mon, 23 Feb 2026 04:01 AM (IST)

ਕਿਸਾਨੀ ਮੰਗਾਂ ਲੀਡਰਸ਼ਿਪ ਕੋਲ ਉਠਾਉਣ ਦੀ ਆਖੀ ਗੱਲ ਮਾਤਾ ਸੁਰਿੰਦਰਜੀਤ ਕੌਰ ਬਾਜਵਾ ਧਰਨਾ ਦੇ ਰਹੇ ਕਿਸਾਨਾਂ ਨੂੰ ਜਾਕੇ ਮਿਲ਼ੇ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਜਪਾ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਦਾਮਨ ਬਾਜਵਾ ਨੇ ਇੰਟਰਨੈੱਟ ਮੀਡੀਆ ਖ਼ਾਤੇ ਤੇ ਧਰਨਾਕਾਰੀ ਕਿਸਾਨਾਂ ਦੇ ਨਾਂਅ ਭਾਵੁਕ ਪੋਸਟ ਸਾਂਝੀ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਕਿਸਾਨੀ ਨਾਲ ਸਬੰਧਿਤ ਮੰਗਾਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਕੋਲ ਉਠਾਉਣਗੇ। ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਦੀ ਗੈਰ ਮੌਜੂਦਗੀ ਵਿੱਚ ਉਨ੍ਹਾਂ ਦੇ ਮਾਤਾ ਸਾਬਕਾ ਸਰਪੰਚ ਸੁਰਿੰਦਰਜੀਤ ਕੌਰ ਬਾਜਵਾ ਧਰਨੇ ਤੇ ਬੈਠੇ ਕਿਸਾਨਾਂ ਨੂੰ ਮਿਲੇ। ਉਨ੍ਹਾਂ ਪੋਸਟ ਵਿੱਚ ਲਿਖਿਆ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਅੱਜ ਮੇਰੀ ਰਿਹਾਇਸ਼ ਸੁਨਾਮ ਊਧਮ ਸਿੰਘ ਵਾਲਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਲਈ ਧਰਨਾ ਲਗਾਇਆ ਗਿਆ ਹੈ, ਮੈਂ ਅਤੇ ਮੇਰੇ ਪਤੀ ਹਰਮਨਦੇਵ ਸਿੰਘ ਬਾਜਵਾ ਇੱਕ ਰਾਜਨੀਤਕ ਪ੍ਰੋਗਰਾਮ ਵਿੱਚ ਰਾਜਸਥਾਨ ਆਏ ਹੋਏ ਹਾਂ, ਇਸ ਸਮੇਂ ਘਰ ਵਿੱਚ ਇਕੱਲੇ ਮੇਰੇ ਮਾਤਾ ਜੀ ਹਨ। ਉਨ੍ਹਾਂ ਆਖਿਆ ਕਿ ਮੈਂ ਸਮੂਹ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂ ਸਹਿਬਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਮੈਂ ਸੁਨਾਮ ਊਧਮ ਸਿੰਘ ਵਾਲਾ ਦੀ ਵਾਸੀ ਅਤੇ ਧੀ ਹੋਣ ਦੇ ਨਾਤੇ ਤੁਹਾਡੇ ਸਾਰਿਆਂ ਦੇ ਚਰਨਾ ਵਿੱਚ ਬੇਨਤੀ ਕਰਦੀ ਹਾਂ ਕਿ ਮੇਰੇ ਮਾਤਾ ਜੀ ਘਰ ਹਨ ਕੋਈ ਚਾਹ ਪਾਣੀ, ਲੰਗਰ ਆਦਿ ਦੀ ਸੇਵਾ ਦੀ ਲੋੜ ਹੋਵੇ ਤੁਹਾਡੀ ਇਹ ਧੀ ਹਾਜ਼ਰ ਹੈ। ਜਦੋਂ ਮੈਂ ਵਾਪਸ ਆ ਗਈ ਮੈਨੂੰ ਜੋ ਵੀ ਤੁਸੀਂ ਹੁਕਮ ਕਰੋਗੇ ਮੈਂ ਅਤੇ ਹਰਮਨ ਬਾਜਵਾ ਆਪ ਚੱਲ ਕੇ ਤੁਹਾਡੇ ਕੋਲ ਆ ਜਾਵਾਂਗੇ ਅਤੇ ਤੁਹਾਡੀਆਂ ਮੰਗਾਂ ਨੂੰ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਕੋਲ ਸੌ ਪੈਸੇ ਉਠਾਵਾਂਗੇ।