ਦਾਮਨ ਬਾਜਵਾ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਤੇ ਚੁੱਕੇ ਸਵਾਲ
ਦਾਮਨ ਬਾਜਵਾ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਤੇ ਚੁੱਕੇ ਸਵਾਲ
Publish Date: Sat, 11 Apr 2026 05:34 PM (IST)
Updated Date: Sun, 12 Apr 2026 04:03 AM (IST)

ਕਿਹਾ- ਮੰਡੀਆਂ ’ਚ ਕਿਸਾਨ ਹੋ ਰਹੇ ਨੇ ਖੱਜਲ ਖੁਆਰ ਸਰਕਾਰੀ ਪ੍ਰਬੰਧ ਖ਼ਾਨਾਪੂਰਤੀ ਤੱਕ ਸਿਮਟੇ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਦਾਮਨ ਬਾਜਵਾ ਨੇ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਨਵੀਂ ਅਨਾਜ ਮੰਡੀ ਦਾ ਦੌਰਾ ਕਰ ਕੇ ਕਣਕ ਦੇ ਖ਼ਰੀਦ ਪ੍ਰਬੰਧ ਸੁਚਾਰੂ ਨਾ ਹੋਣ ਕਾਰਨ ਸੂਬੇ ਦੀ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਆਖਿਆ ਕਿ ਮੰਡੀਆਂ ਵਿਚ ਕਣਕ ਖ਼ਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਖੱਜਲ-ਖੁਆਰ ਹੋ ਰਹੇ ਹਨ। ਇਸ ਮੌਕੇ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਪਿਛਲੇ ਸੱਤ ਦਿਨਾਂ ਤੋਂ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰੰਤੂ ਪੰਜਾਬ ਸਰਕਾਰ ਵੱਲੋਂ ਖ਼ਰੀਦ ਪ੍ਰਕਿਰਿਆ ਨੂੰ ਲੈ ਕੇ ਕੋਈ ਵੀ ਸੁਚਾਰੂ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਨਾ ਤਾਂ ਢੰਗ ਦੀ ਵਿਵਸਥਾ ਦਿਖ ਰਹੀ ਹੈ ਤੇ ਨਾ ਹੀ ਸਬੰਧਿਤ ਅਧਿਕਾਰੀਆਂ ਦੀ ਸਰਗਰਮੀ ਨਜ਼ਰ ਆ ਰਹੀ ਹੈ। ਉਨ੍ਹਾਂ ਆਖਿਆ ਕਿ ਹਾਲ ਹੀ ਵਿਚ ਪਏ ਕੁਦਰਤੀ ਮੀਂਹ ਕਾਰਨ ਕਿਸਾਨਾਂ ਨੂੰ ਪਹਿਲਾਂ ਹੀ ਵੱਡਾ ਨੁਕਸਾਨ ਝੱਲਣਾ ਪਿਆ ਹੈ ਤੇ ਹੁਣ ਜਦੋਂ ਕਿਸਾਨ ਆਪਣੀ ਫਸਲ ਮੰਡੀਆਂ ਵਿਚ ਲੈ ਕੇ ਆ ਰਹੇ ਹਨ ਤਾਂ ਉਨ੍ਹਾਂ ਨੂੰ ਆਪਣੀ ਕਣਕ ਦੀ ਬੋਲੀ ਲਗਵਾਉਣ ਲਈ ਅਧਿਕਾਰੀਆਂ ਤੇ ਪ੍ਰਸ਼ਾਸਨ ਦੇ ਤਰਲੇ ਕੱਢਣੇ ਪੈ ਰਹੇ ਹਨ। ਭਾਜਪਾ ਆਗੂ ਦਾਮਨ ਬਾਜਵਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਖ਼ਰੀਦ ਪ੍ਰਕਿਰਿਆ ਦੀ ਸ਼ੁਰੂਆਤ ਕਰਕੇ ਆਪਣੀ ਜਿੰਮੇਵਾਰੀ ਪੂਰੀ ਸਮਝ ਲਈ ਜਾਂਦੀ ਹੈ, ਜਦਕਿ ਉਸ ਤੋਂ ਬਾਅਦ ਕਿਸਾਨਾਂ ਦੀ ਸਾਰ ਲੈਣ ਲਈ ਕੋਈ ਵੀ ਮੌਕੇ ’ਤੇ ਨਹੀਂ ਪਹੁੰਚਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਤੁਰੰਤ ਪ੍ਰਬੰਧ ਸੁਧਾਰੇ ਜਾਣ, ਕਿਸਾਨਾਂ ਦੀ ਕਣਕ ਦੀ ਖਰੀਦ ਸਮੇਂ ਸਿਰ ਯਕੀਨੀ ਬਣਾਈ ਜਾਵੇ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਖੱਜਲ ਖ਼ੁਆਰੀ ਰੋਕਣ ਲਈ ਸਰਕਾਰ ਸੰਜੀਦਾ ਨਹੀਂ ਹੈ। ਸਰਕਾਰੀ ਪ੍ਰਬੰਧ ਖ਼ਾਨਾਪੂਰਤੀ ਤੱਕ ਸੀਮਤ ਹੋ ਰਹੇ ਹਨ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਅਸ਼ੋਕ ਗੋਇਲ, ਅਸ਼ਵਨੀ ਸਿੰਗਲਾ, ਧੀਰਜ ਗੋਇਲ, ਸ਼ੰਕਰ ਬਾਂਸਲ ਹਾਜ਼ਰ ਸਨ।