ਦਾਮਨ ਬਾਜਵਾ ਨੇ ਈਓ ਦੀ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ
ਦਾਮਨ ਬਾਜਵਾ ਨੇ ਈਓ ਦੀ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ
Publish Date: Sat, 18 Apr 2026 04:50 PM (IST)
Updated Date: Sun, 19 Apr 2026 04:04 AM (IST)

ਵੋਟਰ ਸੂਚੀਆਂ ਨਾ ਮਿਲਣ ’ਤੇ ਭੜਕੀਆਂ ਵਿਰੋਧੀ ਧਿਰਾਂ ਐੱਸਡੀਐੱਮ ਦੇ ਦਖਲ ਤੋਂ ਬਾਅਦ ਹਰਕਤ ’ਚ ਆਇਆ ਪ੍ਰਸ਼ਾਸਨ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਆਗਾਮੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੁਨਾਮ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਵਾਰਡਾਂ ਦੀ ਨਵੀਂ ਹੱਦਬੰਦੀ ਤਹਿਤ ਜਾਰੀ ਹੋਈਆਂ ਵੋਟਰ ਸੂਚੀਆਂ ਨੂੰ ਲੈ ਕੇ ਨਗਰ ਕੌਂਸਲ ਪ੍ਰਸ਼ਾਸਨ ਤੇ ਵਿਰੋਧੀ ਧਿਰਾਂ ਵਿਚਾਲੇ ਤਕਰਾਰ ਵਧ ਗਈ ਹੈ। ਸ਼ਨਿੱਚਰਵਾਰ ਨੂੰ ਉਕਤ ਵਿਵਾਦ ਉਸ ਸਮੇਂ ਸਿਖਰ ’ਤੇ ਪਹੁੰਚ ਗਿਆ, ਜਦੋਂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੀ ਗੁੰਮਸ਼ੁਦਗੀ ਦੇ ਪੋਸਟਰ ਲੈ ਕੇ ਕੌਂਸਲ ਦਫ਼ਤਰ ਪਹੁੰਚ ਗਏ ਤੇ ਨੋਟਿਸ ਬੋਰਡ ਤੇ ਪੋਸਟਰ ਚਿਪਕਾ ਦਿੱਤੇ। ਕੌਂਸਲ ਪ੍ਰਸ਼ਾਸਨ ਤੇ ਕਠਪੁਤਲੀ ਬਣਨ ਦੇ ਦੋਸ਼ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਦੋਸ਼ ਲਾਇਆ ਕਿ ਪਿਛਲੇ ਕਈ ਦਿਨਾਂ ਤੋਂ ਵਿਰੋਧੀ ਧਿਰਾਂ ਨਵੀਂ ਹੱਦਬੰਦੀ ਦੇ ਅਨੁਸਾਰ ਵੋਟਰ ਸੂਚੀਆਂ ਦੀ ਮੰਗ ਕਰ ਰਹੀਆਂ ਹਨ, ਪਰ ਅਧਿਕਾਰੀ ਜਾਣਬੁੱਝ ਕੇ ਦੇਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਜ ਸਾਧਕ ਅਫ਼ਸਰ ਦਫ਼ਤਰ ਤੋਂ ਗੈਰ-ਹਾਜ਼ਰ ਹਨ ਤੇ ਫ਼ੋਨ ਤੱਕ ਨਹੀਂ ਚੁੱਕ ਰਹੇ। ਅਜਿਹਾ ਲੱਗਦਾ ਹੈ ਕਿ ਕੌਂਸਲ ਪ੍ਰਸ਼ਾਸਨ ਸੱਤਾਧਾਰੀ ਪੱਖ ਦੀ ਕਠਪੁਤਲੀ ਬਣਕੇ ਕੰਮ ਕਰ ਰਿਹਾ ਹੈ, ਜੋ ਲੋਕਤੰਤਰ ਲਈ ਬੇਹੱਦ ਘਾਤਕ ਹੈ। ਇਸੇ ਦੌਰਾਨ ਕਾਂਗਰਸ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਵੀ ਆਪਣੇ ਸਮਰਥਕਾਂ ਸਮੇਤ ਮੌਕੇ ’ਤੇ ਪਹੁੰਚੇ ਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ। ਵਿਰੋਧੀ ਧਿਰਾਂ ਦੇ ਸਖ਼ਤ ਤੇਵਰਾਂ ਤੇ ਦਫ਼ਤਰ ਵਿੱਚ ਹੋਏ ਹੰਗਾਮੇ ਤੋਂ ਬਾਅਦ ਮਾਮਲਾ ਸਥਾਨਕ ਐੱਸਡੀਐੱਮ ਦੇ ਧਿਆਨ ਵਿੱਚ ਲਿਆਂਦਾ ਗਿਆ। ਐੱਸਡੀਐੱਮ ਦੇ ਦਖਲ ਤੋਂ ਬਾਅਦ ਕੌਂਸਲ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਇਸ ਤੋਂ ਬਾਅਦ ਨਿਰਧਾਰਿਤ ਫੀਸ ਜਮ੍ਹਾ ਕਰਵਾ ਕੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਵੀਂਆਂ ਵੋਟਰ ਸੂਚੀਆਂ ਮੁਹੱਈਆ ਕਰਵਾਈਆਂ ਗਈਆਂ। ਲੋਕਤੰਤਰੀ ਵਿਵਸਥਾ ਨਾਲ ਖਿਲਵਾੜ : ਧੀਮਾਨ ਇਸੇ ਦੌਰਾਨ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖ ਹੋ ਕੇ ਕੰਮ ਕਰਨਾ ਚਾਹੀਦਾ ਹੈ, ਪਰ ਇੱਥੇ ਵਿਰੋਧੀ ਧਿਰਾਂ ਨੂੰ ਸੂਚਨਾ ਲੈਣ ਲਈ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਰੋਧੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨਾ ਵਰਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਾਰੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੇ ਦਿੱਤੀਆਂ ਹਨ : ਗੋਗੀਆ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਾਲਕ੍ਰਿਸ਼ਨ ਗੋਗੀਆ ਨੇ ਕਿਹਾ ਕਿ ਸਾਰੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੇ ਦਿੱਤੀਆਂ ਗਈਆਂ ਹਨ। ਵਿਭਾਗੀ ਰੁਝੇਵਿਆਂ ਕਾਰਨ ਉਹ ਫ਼ੋਨ ਨਹੀਂ ਚੁੱਕ ਸਕੇ ਸਨ, ਪਰ ਦਫ਼ਤਰ ਵਿੱਚ ਕੰਮਕਾਜ ਸੁਚਾਰੂ ਰੂਪ ਵਿੱਚ ਚੱਲ ਰਿਹਾ ਹੈ।