- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਕਲਿੰਗ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਕਮਰ ਕਸੀ: ਪ੍ਰਧਾਨ ਚਰਨਜੀਤ ਰੱਖੜਾ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੂਰਯਾ ਕੰਪਲੈਕਸ ਸਥਿਤ ਦਫ਼ਤਰ ਵਿਖੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਰੱਖੜਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਵਿਚ ਸਾਈਕਲਿੰਗ ਖੇਡ ਨੂੰ ਨਵੇਂ ਯੁੱਗ ’ਚ ਲੈ ਜਾਣ ਲਈ ਵਿਸਤ੍ਰਿਤ ਰੋਡਮੈਪ ਜਾਰੀ ਕੀਤਾ। ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦਾ ਲੋਗੋ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦਾ ਮੂਲ ਮਕਸਦ ਸਿਰਫ ਖੇਡ ਨੂੰ ਘਰ ਕਰਨਾ ਨਹੀਂ, ਸਗੋਂ ਇਸ ਨੂੰ ਵਿਸ਼ਵ ਪੱਧਰ ਦੀ ਮੁਕਾਬਲੇਬਾਜ਼ ਖੇਡ ਬਣਾਉਣਾ ਹੈ। ਪ੍ਰਧਾਨ ਚਰਨਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਟੈਲੈਂਟ ਹੰਟ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਪਿੰਡਾਂ ’ਚੋਂ ਉਭਰਦੇ ਖਿਡਾਰੀਆਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ਵਿਚ ਅਧੁਨਿਕ ਸਹੂਲਤਾਂ ਨਾਲ ਲੈਸ ਸਾਈਕਲਿੰਗ ਅਕੈਡਮੀਆਂ ਸਥਾਪਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿੱਥੇ ਖਿਡਾਰੀਆਂ ਨੂੰ ਕੋਚਿੰਗ ਦੇ ਨਾਲ ਨਾਲ ਸੰਤੁਲਿਤ ਖੁਰਾਕ, ਰਹਿਣ ਦੀ ਸਹੂਲਤ ਅਤੇ ਉੱਚ ਗੁਣਵੱਤਾ ਵਾਲਾ ਸਾਜੋ-ਸਮਾਨ ਪ੍ਰਦਾਨ ਕੀਤਾ ਜਾਵੇਗਾ।