ਸਾਈਬਰ ਠੱਗਾਂ ਨੇ ਮੋਬਾਈਲ ਹੈਕ ਕਰ ਕੇ ਕੀਤੀ ਪੈਸਿਆਂ ਦੀ ਮੰਗ
ਸਾਈਬਰ ਠੱਗਾਂ ਨੇ ਦੋ ਨਾਮੀ ਵਿਅਕਤੀਆਂ ਦਾ ਮੋਬਾਇਲ ਫੋਨ ਹੈਕ ਕਰਕੇ ਕੀਤੀ ਪੈਸਿਆਂ ਦੀ ਮੰਗ
Publish Date: Thu, 23 Apr 2026 04:57 PM (IST)
Updated Date: Thu, 23 Apr 2026 05:01 PM (IST)

ਐੱਚਐੱਸ ਸੈਣੀ•, ਪੰਜਾਬੀ ਜਾਗਰਣ• ਰਾਜਪੁਰਾ : ਸਾਈਬਰ ਠੱਗਾਂ ਵੱਲੋਂ ਰੋਜ਼ਾਨਾ ਮੋਬਾਈਲ ਫੋਨ ਕਾਲ ਅਤੇ ਮੋਬਾਈਲ ਫੋਨ ਹੈਕ ਕਰ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੀਆਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕੋਸ਼ਿਸ਼ਾਂ ਕਾਰਨ ਰਾਜਪਰਾ ਸ਼ਹਿਰ ਦੇ ਦੋ ਨਾਮੀ ਵਿਅਕਤੀਆਂ ਦੇ ਵਟਸਐਪ ਹੈਕ ਕਰ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਪਾਸੋਂ ਪੈਸਿਆਂ ਦੀ ਮੰਗ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਬੀਤੇ ਦਿਨੀ ਕੁਝ ਸਾਈਬਰ ਠੱਗਾਂ ਨੇ ਉਸ ਦਾ ਮੋਬਾਇਲ ਫੋਨ ਦਾ ਵਟਸਐਪ ਹੈਂਕ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਸਾਈਬਰ ਠੱਗਾਂ ਨੇ ਉਨ੍ਹਾਂ ਦੇ ਮੋਬਾਈਲ ’ਚ ਜਿੰਨੇ ਵੀ ਉਨ੍ਹਾਂ ਦੇ ਰਿਸ਼ਤੇਦਾਰ, ਸਕੇ ਸਬੰਧੀ ਅਤੇ ਦੋਸਤ ਮਿੱਤਰ ਸਨ ਦੇ ਮੋਬਾਈਲ ਫੋਨ ਉੱਤੇ ਕਰੀਬ 25 ਹਜ਼ਾਰ ਰੁਪਏ ਦੀ ਪੈਸਿਆਂ ਦੀ ਜ਼ਰੂਰੀ ਮੰਗ ਕਰਦਿਆਂ ਹੋਇਆਂ ਪੈਸੇ ਕੁਝ ਘੰਟਿਆਂ ਦੇ ਵਿੱਚ ਵਾਪਸ ਲੁਟਾਉਣ ਦੀ ਗੱਲ ਆ ਕੇ ਮੈਸੇਜ ਭੇਜਿਆ ਗਿਆ। ਜਿਸ ਤੋਂ ਬਾਅਦ ਜਦੋਂ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਵੱਲੋਂ ਉਨ੍ਹਾਂ ਦੇ ਮੋਬਾਈਲ ਨੰਬਰ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਬਾਈਲ ਫੋਨ ਹੈਂਕ ਕੀਤਾ ਜਾਣ ਕਰ ਕੇ ਫੋਨ ਨੰਬਰ ਨਹੀਂ ਮਿਲਿਆ। ਜਦੋਂ ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਥਾਣਾ ਸਿਟੀ ਪੁਲਿਸ ਰਾਜਪੁਰਾ ਅਤੇ ਸਾਈਬਰ ਸੈੱਲ ਪਟਿਆਲਾ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦਾ ਫੋਨ ਹੈਕਰਾਂ ਦੇ ਕਬਜ਼ੇ ਵਿੱਚੋਂ ਬਾਹਰ ਆਇਆ। ਅਕਾਲੀ ਆਗੂ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇ ਹੈਕ ਕੀਤੇ ਗਏ ਮੋਬਾਈਲ ਫੋਨ ਰਾਹੀਂ ਜੇਕਰ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਨਾਲ ਪੈਸਿਆਂ ਦੀ ਠੱਗੀ ਹੋਈ ਹੈ ਤਾਂ ਤੁਰੰਤ ਸਬੰਧਿਤ ਬੈਂਕ ਦੇ ਮੈਨੇਜਰ ਨਾਲ ਤਾਲਮੇਲ ਕੀਤਾ ਜਾਵੇ। ਇਸ ਤੋਂ ਇਲਾਵਾ ਰਾਜਪੁਰਾ ਟਾਊਨ ਦੀ ਪੁਰਾਣੀ ਅਨਾਜ ਮੰਡੀ ਵਿੱਚ ਸਥਿਤ ਚੈਨਸਨ ਹੋਟਲ ਦੇ ਮਾਲਕ ਦਿਲਬਾਗ ਸਿੰਘ ਨੀਟੂ ਦਾ ਮੋਬਾਈਲ ਫੋਨ ਵੀ ਬੀਤੇ ਦਿਨੀਂ ਹੈਕਰਾਂ ਵੱਲੋਂ ਹੈਂਕ ਕਰ ਲਿਆ ਗਿਆ ਸੀ। ਉਨ੍ਹਾਂ ਦੇ ਮੋਬਾਈਲ ਫੋਨ ਦੇ ਵਟਸਐਪ ਰਾਹੀਂ ਸਬੰਧਿਤ ਮੋਬਾਈਲ ਵਿੱਚ ਨੋਟ ਨੰਬਰਾਂ ਦੇ ਉੱਤੇ ਪੈਸਿਆਂ ਦੀ ਮੰਗ ਸਬੰਧੀ ਮੈਸੇਜ ਕੀਤਾ ਗਿਆ। ਨੀਟੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਸਾਈਬਰ ਸੈੱਲ ਪਟਿਆਲਾ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਫੋਨ ਹੈਕਰਾਂ ਦੇ ਕਬਜ਼ੇ ਵਿੱਚੋਂ ਬਾਹਰ ਆਇਆ। ਜਿਸ ਤੋਂ ਬਾਅਦ ਸਬੰਧਿਤ ਵਿਅਕਤੀਆਂ ਨੇ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਦਾ ਮੋਬਾਈਲ ਫੋਨ ਨਾ ਚੁੱਕਣ ਤਾਂ ਜੋ ਅਜਿਹੇ ਸਾਈਬਰ ਠੱਗੀ ਤੋਂ ਬਚਿਆ ਜਾ ਸਕੇ।