ਪਤੀ ਦੇ ਨਾਜਾਇਜ ਸਬੰਧਾਂ ਤੋਂ ਤੰਗ ਪਤਨੀ ਨੇ ਕੀਤੀ ਖੁਦਕੁਸ਼ੀ, ਕੇਸ ਦਰਜ
ਪਤੀ ਦੇ ਨਜਾਇਜ ਸੰਬੰਧਾਂ ਤੋਂ ਤੰਗ ਆ ਕੇ ਪਤਨੀ ਨੇ ਕੀਤੀ ਖੁਦਖੁਸ਼ੀ, ਮਾਮਲਾ ਦਰਜ
Publish Date: Fri, 17 Apr 2026 08:41 PM (IST)
Updated Date: Sat, 18 Apr 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਨਾਭਾ: ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ 21 ਸਾਲਾ ਵਿਆਹਸ਼ੁਦਾ ਔਰਤ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੇ ਪੇਕਿਆਂ ਨੇ ਉਸ ਦੇ ਪਤੀ ’ਤੇ ਮਾਨਸਿਕ ਤੰਗ-ਪਰੇਸ਼ਾਨੀ ਤੇ ਨਾਜਾਇਜ਼ ਸਬੰਧਾਂ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਨਮੋਲ ਪੁੱਤਰ ਹਰਮੇਲ ਸਿੰਘ, ਵਾਸੀ ਵਾਰਡ ਨੰਬਰ 1, ਜਗਤਪੁਰਾ ਮੁਹੱਲਾ, ਧੂਰੀ (ਜ਼ਿਲ੍ਹਾ ਸੰਗਰੂਰ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਭੈਣ ਮਹਿਕਦੀਪ ਕੌਰ (21 ਸਾਲ) ਦਾ ਵਿਆਹ ਦੋਸ਼ੀ ਕੁਲਵੀਰ ਸਿੰਘ ਵਾਸੀ ਪਿੰਡ ਸਾਧੋਹੇੜੀ ਨਾਲ ਹੋਇਆ ਸੀ। ਸ਼ਿਕਾਇਤ ਮੁਤਾਬਕ 11 ਅਪ੍ਰੈਲ 2026 ਨੂੰ ਅਨਮੋਲ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਉਸ ਦੀ ਭੈਣ ਨੇ ਆਪਣੇ ਸਹੁਰੇ ਘਰ ਛੱਤ ਦੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਹਾਲਤ ਵਿੱਚ ਉਸਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ 16 ਅਪ੍ਰੈਲ 2026 ਨੂੰ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੁਲਜ਼ਮ ਕੁਲਵੀਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ, ਜਿਸ ਕਰ ਕੇ ਉਹ ਹਮੇਸ਼ਾ ਮਹਿਕਦੀਪ ਕੌਰ ਨਾਲ ਝਗੜਾ ਕਰਦਾ ਸੀ ਅਤੇ ਉਸ ਨੂੰ ਮਾਨਸਿਕ ਤੌਰ ‘ਤੇ ਤੰਗ ਕਰਦਾ ਰਹਿੰਦਾ ਸੀ, ਜਿਸ ਤੋਂ ਤੰਗ ਆ ਕੇ ਮਹਿਕਦੀਪ ਕੌਰ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।