ਵਿਆਹੁਤਾ ਦੀ ਮੌਤ ਮਾਮਲੇ ’ਚ ਚਾਰ ਹੋਰ ਨਾਮਜ਼ਦ
ਮਾਮਲਾ-- ਵਿਆਹੁਤਾ ਦੀ ਮੌਤ ਦਾ, ਮਾਮਲੇ 'ਚ ਚਾਰ ਹੋਰ ਨਾਮਜ਼ਦ
Publish Date: Sat, 07 Mar 2026 05:51 PM (IST)
Updated Date: Sat, 07 Mar 2026 05:54 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਿਛਲੇ ਦਿਨੀਂ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਫਾਹਾ ਲੈਣ ਵਾਲੀ ਵਿਆਹੁਤਾ ਸ਼ਰਨਜੀਤ ਕੌਰ ਦੀ ਦੇਹ ਦਾ ਸ਼ੁੱਕਰਵਾਰ ਦੁਪਹਿਰ ਸਿਵਲ ਹਸਪਤਾਲ ਸਮਾਣਾ ਵਿਖੇ ਪੋਸਟਮਾਰਟਮ ਕਰਵਾਇਆ ਗਿਆ। ਸਿਟੀ ਪੁਲਿਸ ਇੰਚਾਰਜ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕੀਤੇ ਜਾਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਅਧਿਕਾਰੀ ਅਨੁਸਾਰ, ਮ੍ਰਿਤਕਾ ਦੇ ਪਿਤਾ ਤਰਸੇਮ ਸਿੰਘ ਵਾਸੀ ਸਹਿਜਪੁਰ ਰੋਡ, ਸਾਧੂਗੜ੍ਹ ਵੱਲੋਂ ਦਰਜ ਕਰਵਾਏ ਗਏ ਮਾਮਲੇ ਅਤੇ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਸਿਟੀ ਪੁਲਿਸ ਨੇ ਪ੍ਰਿਤਿਕਾ ਸਰਨਜੀਤ ਕੌਰ ਦੇ ਚਾਚਾ ਸਹੁਰਾ ਗੁਰਵਿੰਦਰ ਸਿੰਘ ਅਤੇ ਪਤੀ ਦੇ ਚਚੇਰੇ ਭਰਾ ਪ੍ਰਭਦੀਪ ਸਿੰਘ ਵਾਸੀ ਗੁਰੂ ਨਾਨਕ ਨਗਰ, ਸਮਾਣਾ ਨੂੰ ਮੌਤ ਦੇ ਜ਼ਿੰਮੇਵਾਰ ਮੁਲਜ਼ਮਾਂ ਨਾਲ ਮਿਲੀਭੁਗਤ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਜਦੋਂਕਿ ਦਰਜ ਹੋਏ ਕੇਸ ’ਚ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਆਪਣੇ ਵਾਹਨ ਰਾਹੀਂ ਦੂਜੇ ਸ਼ਹਿਰ ਛੱਡ ਕੇ ਆਉਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਵਰਿੰਦਰ ਪਾਲ ਸਿੰਘ ਵਾਸੀ ਗੁਰੂ ਨਾਨਕ ਨਗਰ ਅਤੇ ਸਤਨਾਮ ਸਿੰਘ ਵਾਸੀ ਘੜਾਮੀ ਪੱਤੀ, ਸਮਾਣਾ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।