ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਗਲਤੀ ਨਾਲ ਨਸ਼ੀਲੀ ਚੀਜ਼ ਖਾਣ ਕਾਰਨ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ
Publish Date: Tue, 03 Mar 2026 04:55 PM (IST)
Updated Date: Tue, 03 Mar 2026 04:56 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ: ਆਪਣੀ ਦਵਾਈ ਦੀ ਜਗ੍ਹਾ ਗਲਤੀ ਨਾਲ ਕੋਈ ਨਸ਼ੀਲੀ ਚੀਜ਼ ਖਾ ਲੈਣ ਕਾਰਨ ਇਕ 32 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਪਾਤੜਾਂ ਪੁਲਿਸ ਦੇ ਏਐੱਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਰੁਣ ਕੁਮਾਰ ਦੇ ਭਰਾ ਅਨਿਲ ਕੁਮਾਰ (ਨਿਵਾਸੀ ਪਾਤੜਾਂ) ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ, ਉਸ ਦਾ ਭਰਾ ਮੋਟਰਸਾਈਕਲ ਸੇਲ-ਪਰਚੇਜ਼ ਦਾ ਕੰਮ ਕਰਦਾ ਸੀ। ਉਹ ਗਲਤ ਸੰਗਤ ਵਿਚ ਪੈ ਕੇ ਨਸ਼ਾ ਆਦਿ ਕਰਨ ਲੱਗ ਪਿਆ ਸੀ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਆਪਣੀ ਦਵਾਈ ਦੀ ਥਾਂ ਗਲਤੀ ਨਾਲ ਕੋਈ ਨਸ਼ੀਲੀ ਚੀਜ਼ ਖਾ ਲੈਣ ਤੋਂ ਬਾਅਦ ਉਸ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ, ਪੁਲਿਸ ਨੇ ਦਰਜ ਬਿਆਨਾਂ ਦੇ ਆਧਾਰ ਤੇ ਭਾਰਤੀ ਨਿਆ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਵਿਸਰੇ ਦੀ ਜਾਂਚ ਲਈ ਨਮੂਨੇ ਲੈਬ ਭੇਜ ਦਿੱਤੇ ਗਏ ਹਨ। ਮ੍ਰਿਤਕ ਅਜੇ ਕੁਆਰਾ ਸੀ ਅਤੇ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।