ਨਸ਼ੇ ਦੀਆਂ ਗੋਲੀਆਂ ਤੇ ਨਾਜਾਇਜ਼ ਅਸਲੇ ਸਮੇਤ ਇੱਕ ਕਾਬੂ
ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਅਸਲੇ ਸਮੇਤ ਇੱਕ ਕਾਬੂ
Publish Date: Sat, 31 Jan 2026 07:01 PM (IST)
Updated Date: Sat, 31 Jan 2026 07:04 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਰਾਜਪੁਰਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਇੱਕ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਇੰਸ. ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ, ਡੀਐੱਸਪੀ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਨ੍ਹਾਂ ਵੱਲੋਂ ਦਮਨਹੇੜੀ ਫਾਟਕ ਨੇੜੇ ਮਹਿਫਲ ਰਿਜ਼ੋਰਟ ਵਿਖੇ ਨਾਕੇਬੰਦੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਬੀਤੀ ਸ਼ਾਮ ਕਰੀਬ 8 ਵਜੇ, ਲਿਬਰਟੀ ਚੌਕ ਵੱਲੋਂ ਸਰਵਿਸ ਰੋਡ ਰਾਹੀਂ ਆ ਰਹੀ ਇੱਕ ਸਿਲਵਰ ਗਰੇਅ ਰੰਗ ਦੀ ਹੁੰਡਈ ਵਰਨਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਚਾਲਕ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਸੁੰਦਰ ਵੈਲੀ ਕਾਲੋਨੀ, ਪਿੰਡ ਸੈਦਖੇੜੀ, ਥਾਣਾ ਖੇੜੀ ਗੰਡਿਆ ਵਜੋਂ ਹੋਈ। ਤਲਾਸ਼ੀ ਦੌਰਾਨ ਕਾਰ ਵਿੱਚੋਂ 103 ਪੱਤੇ (ਕੁੱਲ 1030 ਗੋਲੀਆਂ), ਜੋ ਕੰਡਕਟਰ ਸੀਟ ਦੇ ਹੇਠਾਂ ਪੈਰਾਂ ਵਾਲੀ ਸਾਈਡ ਤੋਂ ਮਿਲੀਆਂ ਅਤੇ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ ਇੱਕ ਜਿੰਦਾ ਕਾਰਤੂਸ, ਜੋ ਸੀਟ ’ਤੇ ਪਏ ਭੂਰੇ ਰੰਗ ਦੇ ਹੈਂਡ ਬੈਗ ਵਿੱਚੋਂ ਬਰਾਮਦ ਹੋਇਆ। ਕਾਰ ਦੇ ਡੈਸ਼ ਬੋਰਡ ਵਿੱਚੋਂ ਦੋ ਕੰਪਿਊਟਰ ਕੰਡੇ ਵੀ ਬਰਾਮਦ ਕੀਤੇ ਗਏ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਰਾਜਪੁਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਇਹ ਪਤਾ ਲਾਇਆ ਜਾਵੇਗਾ ਕਿ ਇਹ ਨਸ਼ੇ ਦੀਆਂ ਗੋਲੀਆਂ ਅਤੇ ਅਸਲਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਅੱਗੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕੀਤਾ ਜਾਣਾ ਸੀ।