ਸਾਬਕਾ ਆਈਜੀ ਨਾਲ ਸਾਈਬਰ ਠੱਗੀ ਮਾਰਨ ਵਾਲੇ ਸੱਤ ਮੁਲਜ਼ਮ ਪਟਿਆਲਾ ਲਿਆਂਦੇ
ਸਾਬਕਾ ਆਈਜੀ ਨਾਲ ਸਾਈਬਰ ਠੱਗੀ ਮਾਰਨ ਵਾਲੇ ਸੱਤ ਮੁਲਜ਼ਮ ਪਟਿਆਲਾ ਲਿਆਂਦੇ
Publish Date: Sat, 03 Jan 2026 07:00 PM (IST)
Updated Date: Sun, 04 Jan 2026 04:12 AM (IST)

- ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਏ ਜਾਣਗੇ ਸਾਰੇ ਮੁਲਜ਼ਮ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ ਸਾਈਬਰ ਠੱਗੀ ਮਾਰਨ ਦੇ ਮਾਮਲੇ ’ਚ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪਟਿਆਲਾ ਲਿਆਂਦਾ ਗਿਆ ਹੈ। ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਮਹਾਰਾਸ਼ਟਰ ਪੁਲਿਸ ਨਾਲ ਕੀਤੇ ਤਾਲਮੇਲ ਤੋਂ ਬਾਅਦ ਸਾਈਬਰ ਕ੍ਰਾਈਮ ਥਾਣਾ ਇੰਚਾਰਜ ਦੀ ਨਿਗਰਾਨੀ ਹੇਠ ਏਐੱਸਆਈ ਬਲਜਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਇਨ੍ਹਾਂ ਸੱਤ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਜਿਸ ਮਗਰੋਂ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਪਟਿਆਲਾ ਲਿਆਂਦਾ ਗਿਆ ਹੈ ਤੇ ਐਤਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਚੰਦਰਕਾਂਤ, ਲਖਨ ਸ੍ਰੀ ਚੰਦ, ਰਣਜੀਤ ਨੰਬਰਦਾਰ, ਪ੍ਰਤੀਕ ਉੱਤਮ, ਆਸ਼ੀਸ਼ ਕੁਮਾਰ, ਸ਼ੇਰਾ ਤੇ ਮੁਹੰਮਦ ਹਸਰੀ ਤੋਂ ਫਿਲਹਾਲ ਟੀਮ ਨੂੰ ਨਕਦੀ ਬਰਾਮਦ ਨਹੀਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਸਿਮ ਕਾਰਡਾਂ ਤੇ ਮੋਬਾਈਲ ਫੋਨਾਂ ਬਾਰੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ 8 ਕਰੋੜ 10 ਲੱਖ ਰੁਪਏ ਦੀ ਧੋਖਾਧੜੀ ਹੋਈ ਸੀ। ਇਸ ਤੋਂ ਪਰੇਸ਼ਾਨ ਹੋ ਕੇ ਚਾਹਲ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਮੇਂ ਸਿਰ ਇਲਾਜ ਮਿਲਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਪਟਿਆਲਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਸਾਈਬਰ ਸੈੱਲ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।