- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਅਤੇ ਗਰਭਵਤੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਲੜਕੀ ਨਾਲ ਸਰੀਰਕ ਸਬੰਧ ਬਣਾਉਣ, ਉਸ ਨੂੰ ਗਰਭਵਤੀ ਕਰਨ ਤੇ ਬਾਅਦ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਮੋਗਾ ਜ਼ਿਲ੍ਹੇ ਦੇ ਇਕ ਨੌਜਵਾਨ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਲਾਹੋਰੀ ਗੇਟ ਪੁਲਿਸ ਨੇ ਇਹ ਕਾਰਵਾਈ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਬਿਆਨਾਂ ਦੇ ਆਧਾਰ 'ਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਸਲਾਮਪੁਰ, ਜ਼ਿਲ੍ਹਾ ਮੋਗਾ ਦੇ ਖ਼ਿਲਾਫ਼ ਕੀਤੀ ਹੈ। ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਮੁਲਾਕਾਤ 18 ਨਵੰਬਰ 2023 ਨੂੰ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਵਿਖੇ ਇਕ ਵਿਆਹ ਸਮਾਗਮ ਦੌਰਾਨ ਅਰਸ਼ਦੀਪ ਸਿੰਘ ਨਾਲ ਹੋਈ ਸੀ। ਉੱਥੇ ਦੋਵਾਂ ਦੀ ਦੋਸਤੀ ਹੋ ਗਈ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ। ਦੋਸ਼ ਹੈ ਕਿ ਇਸ ਝਾਂਸੇ ’ਚ ਰੱਖ ਕੇ ਮੁਲਜ਼ਮ ਉਸ ਨੂੰ ਪਟਿਆਲਾ ਦੇ ਵੱਖ-ਵੱਖ ਹੋਟਲਾਂ ਵਿੱਚ ਲਿਜਾਂਦਾ ਰਿਹਾ ਅਤੇ ਉਸ ਨਾਲ ਲਗਾਤਾਰ ਸਰੀਰਕਰ ਸਬੰਧ ਬਣਾਉਂਦਾ ਰਿਹਾ।
-ਗਰਭਵਤੀ ਹੋਣ ’ਤੇ ਗਰਭਪਾਤ ਲਈ ਪਾਇਆ ਦਬਾਅ
ਸ਼ਿਕਾਇਤਕਰਤਾ ਅਨੁਸਾਰ 3 ਮਈ 2025 ਨੂੰ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਤਾਂ ਉਸ ਨੇ ਇਸ ਬਾਰੇ ਅਰਸ਼ਦੀਪ ਨੂੰ ਜਾਣੂ ਕਰਵਾਇਆ। ਇਸ ਮੁੱਦੇ 'ਤੇ ਗੱਲ ਕਰਨ ਲਈ ਦੋਵੇਂ ਪਟਿਆਲਾ ਰੇਲਵੇ ਸਟੇਸ਼ਨ 'ਤੇ ਮਿਲੇ। ਪੀੜਤਾ ਦਾ ਦੋਸ਼ ਹੈ ਕਿ ਸੱਚਾਈ ਸਾਹਮਣੇ ਆਉਣ 'ਤੇ ਮੁਲਜ਼ਮ ਨੇ ਵਿਆਹ ਤੋਂ ਪਾਸਾ ਵੱਟ ਲਿਆ ਅਤੇ ਬੱਚਾ ਨਾ ਰੱਖਣ ਲਈ ਉਸ 'ਤੇ ਦਬਾਅ ਪਾਉਣ ਲੱਗ ਪਿਆ। ਜਦੋਂ ਪੀੜਤਾ ਨੇ ਵਿਆਹ ਦੀ ਜ਼ਿੱਦ ਕੀਤੀ ਤਾਂ ਮੁਲਜ਼ਮ ਝਗੜਾ ਕਰਕੇ ਉੱਥੋਂ ਚਲਾ ਗਿਆ। ਪੀੜਤਾ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਅਰਸ਼ਦੀਪ ਆਪਣੀ ਮਾਂ ਸਮੇਤ ਫਿਰ ਰੇਲਵੇ ਸਟੇਸ਼ਨ 'ਤੇ ਮਿਲਣ ਆਇਆ। ਦੋਸ਼ ਹੈ ਕਿ ਮੁਲਜ਼ਮ ਦੀ ਮਾਂ ਨੇ ਪੀੜਤਾ ਨੂੰ ਲਾਲਚ ਦਿੱਤਾ ਕਿ ਜੇਕਰ ਉਹ ਬੱਚਾ ਗਿਰਾ ਦਿੰਦੀ ਹੈ, ਤਾਂ ਉਹ ਅਰਸ਼ਦੀਪ ਦਾ ਵਿਆਹ ਉਸ ਨਾਲ ਕਰਵਾ ਦੇਵੇਗੀ। ਇਸ ਦੌਰਾਨ ਉਸ ਨੇ ਕੋਈ ਸ਼ੱਕੀ ਦਵਾਈ ਕੱਢ ਕੇ ਪੀੜਤਾ ਨੂੰ ਪੀਣ ਲਈ ਦਿੱਤੀ। ਜਦੋਂ ਪੀੜਤਾ ਨੇ ਦਵਾਈ ਲੈਣ ਤੋਂ ਮਨਾ ਕੀਤਾ, ਤਾਂ ਉਨ੍ਹਾਂ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਚਣ ਲਈ ਪੀੜਤਾ ਉੱਥੋਂ ਭੱਜ ਗਈ।
-ਮੁਲਜ਼ਮ ਨਿਕਲਿਆ ਸ਼ਾਦੀਸ਼ੁਦਾ
ਹੈਰਾਨੀਜਨਕ ਖੁਲਾਸਾ ਉਦੋਂ ਹੋਇਆ ਜਦੋਂ ਪੀੜਤਾ ਨੂੰ ਪਤਾ ਲੱਗਿਆ ਕਿ ਅਰਸ਼ਦੀਪ ਸਿੰਘ ਪਹਿਲਾਂ ਹੀ ਸ਼ਾਦੀਸ਼ੁਦਾ ਹੈ। ਪੀੜਤਾ ਇਸ ਵੇਲੇ 8 ਮਹੀਨੇ ਦੀ ਗਰਭਵਤੀ ਹੈ ਅਤੇ ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਹੁਣ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਥਾਣਾ ਲਾਹੋਰੀ ਗੇਟ ਦੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।