ਕੌਂਸਲਰ ਤਾਰਾ ਨੇ ਪ੍ਰਸ਼ਾਸਨਿਕ ਉਦਾਸੀਨਤਾ ਖ਼ਿਲਾਫ ਕੀਤੀ ਡੰਡਉਤ
ਕੌਂਸਲਰ ਤਾਰਾ ਨੇ ਪ੍ਰਸ਼ਾਸਨਿਕ ਉਦਾਸੀਨਤਾ ਖ਼ਿਲਾਫ ਕੀਤੀ ਡੰਡਉਤ
Publish Date: Fri, 06 Feb 2026 05:43 PM (IST)
Updated Date: Sat, 07 Feb 2026 04:05 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਵਾਰਡ ਤੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਦੇ ਈਓ ਤੋਂ ਲੈ ਕੇ ਡੀਸੀ, ਮੰਤਰੀ ਤੇ ਮੁੱਖ ਮੰਤਰੀ ਤੱਕ ਲਗਾਤਾਰ ਗੁਹਾਰਾਂ ਲਾਉਣ ਦੇ ਬਾਵਜੂਦ ਜਦੋਂ ਕਿਤੇ ਵੀ ਕੋਈ ਠੋਸ ਹੱਲ ਨਹੀਂ ਨਿਕਲਿਆ, ਤਾਂ ਇਹ ਬੇਬਸੀ ਹੁਣ ਭਾਵਨਾਤਮਕ ਵਿਰੋਧ ਵਿਚ ਤਬਦੀਲ ਹੋ ਗਈ। ਵਾਰਡ ਨੰਬਰ–22 ਦੇ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਉਦਾਸੀਨਤਾ ਦੇ ਖ਼ਿਲਾਫ਼ ਰੋਸ ਜਤਾਇਆ, ਜਿਸ ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਡੰਡਉਤ ਕਰਦੇ ਹੋਏ ਡੀਸੀ ਸੰਗਰੂਰ ਦੇ ਸਾਹਮਣੇ ਫ਼ਰਿਆਦ ਲੈ ਕੇ ਪਹੁੰਚੇ ਕੌਂਸਲਰ ਨੇ ਨਾ ਸਿਰਫ਼ ਆਪਣੇ ਵਾਰਡ, ਸਗੋਂ ਪੂਰੇ ਸ਼ਹਿਰ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਚੁੱਕਿਆ। ਉਨ੍ਹਾਂ ਕਿਹਾ ਕਿ ਬੀਤੇ ਇਕ ਸਾਲ ਦਾ ਕਾਰਜਕਾਲ ਕੇਵਲ ਮੰਗ ਪੱਤਰ ਦੇਣ ਤੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟਣ ਵਿਚ ਹੀ ਲੰਘ ਗਿਆ, ਜਦਕਿ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਦੁਖੀ ਅਤੇ ਨਿਰਾਸ਼ ਕੌਂਸਲਰ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਇਹ ਡੀਸੀ ਦੇ ਸਾਹਮਣੇ ਉਨ੍ਹਾਂ ਦੀ ਆਖ਼ਰੀ ਫ਼ਰਿਆਦ ਹੈ, ਇਸ ਤੋਂ ਬਾਅਦ ਉਹ ਕਿਸੇ ਵੀ ਮੰਚ ’ਤੇ ਮੰਗ ਪੱਤਰ ਦੇਣ ਨਹੀਂ ਆਉਣਗੇ। ਇਹ ਰਵੱਈਆ ਨਗਰ ਕੌਂਸਲ ਸੰਗਰੂਰ, ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਵਾਰਡ ਨੰਬਰ–22 ਦੇ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਤੇ ਮਹਿਲਾਵਾਂ ਨੂੰ ਕੱਟਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਨਾਲ ਆਮ ਲੋਕ ਸੜਕਾਂ ’ਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬੇਸਹਾਰਾ ਪਸ਼ੂ ਰਾਹਗੀਰਾਂ ’ਤੇ ਹਮਲੇ ਕਰ ਰਹੇ ਹਨ ਜਾਂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਨਗਰ ਕੌਂਸਲ ਹਾਊਸ ਦੀ ਪਹਿਲੀ ਮੀਟਿੰਗ ਵਿਚ ਇਨ੍ਹਾਂ ਦੋਵੇਂ ਸਮੱਸਿਆਵਾਂ ਦੇ ਹੱਲ ਲਈ ਲੱਖਾਂ ਰੁਪਏ ਦਾ ਬਜਟ ਰੱਖਿਆ ਗਿਆ ਸੀ, ਪਰ ਨਾ ਤਾਂ ਕੁੱਤਿਆਂ ਦੀ ਨਸਬੰਦੀ ਲਈ ਟੈਂਡਰ ਹੋਇਆ ਤੇ ਨਾ ਹੀ ਬੇਸਹਾਰਾ ਪਸ਼ੂ ਫੜੇ ਗਏ। ਉਨ੍ਹਾਂ ਦੇ ਵਾਰਡ ਸਮੇਤ ਸ਼ਹਿਰ ਦੇ ਸਾਰੇ ਵਾਰਡ ਵਿਕਾਸ ਨੂੰ ਤਰਸ ਰਹੇ ਹਨ। ਪੀਣ ਲਈ ਸਾਫ਼ ਪਾਣੀ, ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ, ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰ ਹਟਾਉਣਾ, ਵਾਰਡਾਂ ਵਿਚ ਸਫ਼ਾਈ, ਘਰ-ਘਰੋਂ ਕੂੜਾ ਇਕੱਠਾ ਕਰਨਾ, ਅਤੇ ਖ਼ਸਤਾਹਾਲ ਗਲੀਆਂ-ਨਾਲੀਆਂ ਦੀ ਤਿਆਰੀ ਵਰਗੀਆਂ ਮੰਗਾਂ ਅਧੂਰੀਆਂ ਪਈਆਂ ਹਨ। ਹਾਊਸ ਦੀ ਮੀਟਿੰਗ ਵਿੱਚ ਸ਼ਹਿਰ ਦੇ ਸਮੂਹ ਵਾਰਡਾਂ ਵਿੱਚ ਗਲੀਆਂ-ਨਾਲੀਆਂ ਦੀ ਮੁਰੰਮਤ ਲਈ ਪੰਜ-ਪੰਜ ਲੱਖ ਰੁਪਏ ਅਤੇ 5 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਸ਼ਹਿਰ ਦੇ 29 ਵਾਰਡਾਂ ਵਿੱਚੋਂ 25 ਵਾਰਡਾਂ ਦੇ ਵਿਕਾਸ ਲਈ 20-20 ਲੱਖ ਰੁਪਏ ਬਜਟ ਰੱਖਣ ਦਾ ਮਤੇ ਸਰਬਸੰਮਤੀ ਨਾਲ ਪਾਸ ਹੋ ਚੁੱਕਾ ਹੈ, ਪਰ ਫਿਰ ਵੀ ਇਕ ਫੁੱਟੀ ਕੌੜੀ ਤੱਕ ਜਾਰੀ ਨਹੀਂ ਹੋਈ। ਜੇਬੋਂ ਪੈਸੇ ਖਰਚ ਕੇ ਕਰਵਾ ਰਹੇ ਹਨ ਵਾਰਡਾਂ ’ਚ ਕੰਮ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਵੱਲੋਂ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਅਤੇ ਸੀਵਰੇਜ ਦੀ ਮੁਰੰਮਤ ਵਰਗੇ ਜ਼ਰੂਰੀ ਕੰਮ ਆਪਣੀ ਜੇਬੋਂ ਪੈਸੇ ਖਰਚ ਕਰਕੇ ਕਰਵਾਉਣੇ ਪੈ ਰਹੇ ਹਨ। ਇਨ੍ਹਾਂ ਦੇ ਬਿਲ ਬਣਵਾ ਕੇ ਪਾਸ ਕਰਵਾਉਣ ਲਈ ਨਗਰ ਕੌਂਸਲ ਦਫ਼ਤਰ ਦੇ ਚੱਕਰ ਕੱਟ ਰਹੇ ਹਨ, ਪਰ ਕੋਈ ਵੀ ਬਿਲ ਪਾਸ ਨਹੀਂ ਹੋ ਰਿਹਾ। ਕੌਂਸਲਰਾਂ ਨੂੰ ਮਿਲਣ ਵਾਲੀ ਮਹੀਨਾਵਾਰ ਤਨਖਾਹ ਵੀ ਸਮੇਂ ’ਤੇ ਨਹੀਂ ਦਿੱਤੀ ਜਾ ਰਹੀ। ਨਗਰ ਕੌਂਸਲ ਵੱਲੋਂ ਕੋਈ ਕੰਮਕਾਜ ਨਾ ਹੋਣ ਕਾਰਨ ਦੁਖੀ ਹੋ ਕੇ ਨਗਰ ਕੌਂਸਲ ਦੇ ਸੀਨੀਅਰ ਉਪ-ਪ੍ਰਧਾਨ, ਉਪ-ਪ੍ਰਧਾਨ ਸਮੇਤ ਸੱਤ ਕੌਂਸਲਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਉਨ੍ਹਾਂ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਹੋਇਆ, ਤਾਂ ਉਹ ਭੁੱਖ ਹੜਤਾਲ ਕਰਨ ਜਾਂ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਸਮੱਸਿਆਵਾਂ ਦੇ ਹੱਲ ਲਈ ਯੋਜਨਾਬੰਦੀ ਜਾਰੀ ਵਾਧੂ ਡਿਪਟੀ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਕਿਹਾ ਕਿ ਸ਼ਹਿਰ ਦੀਆਂ ਮੂਲ ਸਮੱਸਿਆਵਾਂ ਜਿਵੇਂ ਬੇਸਹਾਰਾ ਪਸ਼ੂ, ਆਵਾਰਾ ਕੁੱਤੇ, ਗੰਦਗੀ ਦੇ ਢੇਰ, ਸਫ਼ਾਈ ਆਦਿ ਦੇ ਹੱਲ ਲਈ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਜਲਦੀ ਹੀ ਇਨ੍ਹਾਂ ਦੇ ਸਥਾਈ ਹੱਲ ਲਈ ਯੋਜਨਾ ਤਿਆਰ ਕਰਕੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਨਗਰ ਕੌਂਸਲ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਤਰਜੀਹੀ ਅਧਾਰ ’ਤੇ ਕੀਤਾ ਜਾਵੇ।