ਕੌਂਸਲਰ ਤਾਰਾ ਨੇ ਕੌਂਸਲ ਦਫ਼ਤਰ ਅੱਗੇ ਥਾਲੀ ਖੜਕਾ ਕੇ ਕੀਤਾ ਪ੍ਰਦਰਸ਼ਨ
ਕੌਂਸਲਰ ਤਾਰਾ ਨੇ ਕੌਂਸਲ ਦਫਤਰ ਅੱਗੇ ਥਾਲੀ ਖੜਾ ਕੇ ਕੀਤਾ ਪ੍ਰਦਰਸ਼ਨ
Publish Date: Fri, 27 Mar 2026 05:54 PM (IST)
Updated Date: Sat, 28 Mar 2026 04:06 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਵਾਰਡ ਨੰਬਰ 22 ਦੇ ਕੌਸਲਰ ਅਵਤਾਰ ਸਿੰਘ ਤਾਰਾ ਨੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਥਾਲੀ ਖ਼ੜਕਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਹੈ ਕਿ ਸ਼ਹਿਰ ਦੇ ਵਿਕਾਸ ਕਾਰਜ ਠੱਪ ਪਏ ਹਨ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ’ਚ ਸੁੱਤਾ ਹੋਇਆ ਹੈ। ਨਗਰ ਕੌਂਸਲ ਦਫ਼ਤਰ ਦੇ ਬਾਹਰ ਉਸ ਵੇਲੇ ਮਾਹੌਲ ਗਰਮ ਹੋ ਗਿਆ, ਜਦੋਂ ਅਵਤਾਰ ਸਿੰਘ ਤਾਰਾ ਹੱਥ ਵਿੱਚ ਥਾਲੀ ਫੜ ਕੇ ਉਸ ਨੂੰ ਵਜਾਉਣ ਲੱਗ ਪਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਡਮਰੂੰ ਵੀ ਵਜਾ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਲਈ ਹੁਣ ਥਾਲੀ ਵਜਾ ਕੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕੋਈ ਕੋਰੋਨਾ ਨਹੀਂ ਭਜਾ ਰਿਹਾ, ਸਗੋਂ ਨਗਰ ਕੌਂਸਲ ਤੇ ਸਰਕਾਰ ਨੂੰ ਜਗਾ ਰਿਹਾ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੋ ਚੁੱਕੀ ਹੈ, ਸੜਕਾਂ ਟੁੱਟੀਆਂ ਹੋਈਆਂ ਹਨ, ਸਟ੍ਰੀਟ ਲਾਈਟਾਂ ਬੰਦ ਪਈਆਂ ਹਨ ਤੇ ਪਾਣੀ ਦੀ ਲੀਕੇਜ ਠੀਕ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਡੀਸੀ ਤੇ ਏਡੀਸੀ ਨੂੰ ਮਿਲਣ ਲਈ ਦੋ-ਦੋ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਅਵਤਾਰ ਸਿੰਘ ਤਾਰਾ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੂੰ ਆਪਣੀ ਜੇਬ ਤੋਂ ਪੈਸੇ ਖਰਚ ਕਰ ਕੇ ਪਾਣੀ ਦੀਆਂ ਪਾਈਪਾਂ ਠੀਕ ਕਰਵਾਉਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਲਮ ਇਲਾਕਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦਕਿ ਪਟਿਆਲਾ ਗੇਟ ਵਰਗੇ ਇਲਾਕਿਆਂ ਵਿਚ ਸਿਰਫ਼ ਦਿਖਾਵੇ ਲਈ ਸਫਾਈ ਮੁਹਿੰਮ ਚਲਾਈ ਜਾਂਦੀ ਹੈ। ਇਸ ਪ੍ਰਦਰਸ਼ਨ ਨੂੰ ਵਾਰਡ ਨੰਬਰ 26 ਦੇ ਕੌਂਸਲਰ ਪਰਮਿੰਦਰ ਸਿੰਘ ਪਿੰਕੀ ਦਾ ਵੀ ਸਮਰਥਨ ਮਿਲਿਆ। ਉਨ੍ਹਾਂ ਪ੍ਰਸ਼ਾਸਨ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਸਿਰਫ਼ ਕਮਿਸ਼ਨ ਵਾਲੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਤੋਂ ਲੋਕਾਂ ਨੂੰ ਵਿਕਾਸ ਦੀ ਉਮੀਦ ਸੀ, ਪਰ ਈਓ ਤੇ ਪ੍ਰਧਾਨ ਕੋਈ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ ’ਤੇ ਫੋਟੋਆਂ ਪਾਉਣ ਲਈ ਕੇਵਲ ਚੋਣਵੇ ਇਲਾਕਿਆਂ ਵਿਚ ਸਫਾਈ ਦਿਖਾਈ ਜਾਂਦੀ ਹੈ, ਜਦਕਿ ਬਾਕੀ ਸ਼ਹਿਰ ਦੀ ਹਾਲਤ ਬਦਤਰ ਹੈ।