ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਕੀਤੀ ਸੂਬਾ ਪੱਧਰੀ ਰੈਲੀ
ਠੇਕਾ ਮੁਲਾਜਮ ਸੰਘਰਸ਼ ਮੋਰਚਾ ਨੇ ਕੀਤੀ ਸੂਬਾ ਪੱਧਰੀ ਰੈਲੀ
Publish Date: Sat, 07 Feb 2026 06:09 PM (IST)
Updated Date: Sun, 08 Feb 2026 04:06 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਚੇਅਰਮੈਨ, ਕੈਬਨਿਟ-ਸਬ-ਕਮੇਟੀ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੀ ਅਨਾਜ ਮੰਡੀ ਵਿਚ ਰੋਹ ਭਰਪੂਰ ਪੰਜਾਬ ਪੱਧਰੀ ਰੈਲੀ ਕੀਤੀ ਗਈ। ਜਿਸ ਵਿੱਚ ਠੇਕਾ ਮੁਲਾਜਮ ਆਪਣੇ ਪਰਿਵਾਰਾਂ-ਬੱਚਿਆਂ ਸਮੇਤ ਪੁੱਜੇ। ਇਨ੍ਹਾਂ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਰੈਲੀ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਅੱਗੇ ਧਰਨਾ ਲਾਇਆ। ਇਸ ਮੌਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ, ਜਗਰੂਪ ਸਿੰਘ, ਪਵਨਦੀਪ ਸਿੰਘ, ਗੁਰਵਿੰਦਰ ਸਿੰਘ ਪਨੁੰ, ਸਿਮਰਨਜੀਤ ਸਿੰਘ ਨੀਲੋਂ, ਸ਼ੇਰ ਸਿੰਘ ਖੰਨਾ, ਜਸਪ੍ਰੀਤ ਸਿੰਘ ਗਗਨ, ਗੁਰਪ੍ਰੀਤ ਸਿੰਘ ਢਿਲੋਂ, ਰਮਨਦੀਪ ਸਿੰਘ, ਹਰਜਿੰਦਰਪਾਲ ਸਿੰਘ, ਲਛਮਣ ਸਿੰਘ, ਜਗਦੀਪ ਸਿੰਘ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਪਿਛਲੇ ਲੰਬੇ ਅਰਸੇ ਤੋਂ ਕੰਮ ਕਰਦੇ ਠੇਕਾ ਮੁਲਾਜਮਾਂ ਦੇ ਪੱਕੇ ਰੁਜਗਾਰ ਦੀ ਪ੍ਰਾਪਤੀ ਦੀ ਮੰਗ ਦਾ ਹੱਲ ਸਮੇਂ-ਸਮੇਂ ਦੀਆਂ ਪੰਜਾਬ ਸਰਕਾਰਾਂ ਕੋਲ ਰੱਖੀ ਜਾ ਰਹੀ ਹੈ,ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਭਾਗਾਂ ’ਚ ਠੇਕਾ ਮੁਲਾਜਮ ਸੇਵਾ ਲਈ ਤੈਨਾਤ ਹਨ,ਇਨ੍ਹਾਂ ਦੀ ਸਮਾਜ ਨੂੰ ਪੱਕੀ ਲੋੜ ਹੈ,ਇਸ ਲਈ ਪੱਕੇ ਕੰਮ ਲਈ-ਪੱਕਾ ਰੁਜਗਾਰ ਸਾਡਾ ਹੱਕ ਹੈ ਅਤੇ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸਾਨੂੰ ਸਬੰਧਤ ਵਿਭਾਗਾਂ ’ਚ ਲਿਆ ਕੇ ਰੈਗੂਲਰ ਕਰੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਸਾਲਾਂਬੱਧੀ ਅਰਸੇ ਤੋਂ ਬਤੋਰ ਆਊਟਸੋਰਸ, ਇਨਲਿਸਟਮੈਂਟ, ਕੰਪਨੀਆਂ, ਠੇਕੇਦਾਰਾਂ, ਸੁਸਾਇਟੀਆਂ, ਦਿਹਾੜੀਦਾਰ, ਡੇਲੀਵੇਜ ਆਦਿ ਕੈਟਾਗਿਰੀਆਂ ਰਾਹੀਂ ਸੇਵਾਵਾਂ ਦੇ ਰਹੇ ਠੇਕਾ ਮੁਲਾਜਮਾਂ ਵੱਲੋਂ ਸਮੇਂ ਸਮੇਂ ਦੀਆਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਭਾਰਤੀ ਨਿਆਂ ਵਿਵਸਥਾ ਮੁਤਾਬਿਕ ਸਥਾਈ ਸੇਵਾ ਦੇ ਖੇਤਰ ਵਿੱਚ ਰੁਜ਼ਗਾਰ ਵੀ ਪੱਕਾ ਹੋਣਾ ਚਾਹੀਦਾ ਹੈ ਅਤੇ ਇਸ ਕੰਮ ਖੇਤਰ ਵਿੱਚ ਤੈਨਾਤ ਠੇਕਾ ਅਧਾਰਿਤ ਕਾਮਿਆਂ ਲਈ ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਅਤੇ 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਤਨਖਾਹ ਦੀ ਅਦਾਇਗੀ ਜ਼ਰੂਰੀ ਹੈ। ਇਸ ਮੌਕੇ ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ) ਤੋਂ ਸੂਬਾ ਜਰਨਲ ਸਕੱਤਰ ਜਸਵਿੰਦਰ ਸਿੰਘ, ਬੀਕੇਯੂ ਏਕਤਾ ਆਜ਼ਾਦ ਤੋਂ ਸੂਬਾ ਆਗੂ ਦਿਲਬਾਗ਼ ਸਿੰਘ, ਕਲਾਸ ਫ਼ੋਰ ਇੰਪਲਾਈਜ ਯੂਨੀਅਨ ਖ਼ਜਾਨਾ ਦਫ਼ਤਰ ਪੰਜਾਬ, ਪੈਨਸ਼ਨਰਜ਼ ਐਸੋਸੀਏਸ਼ਨ ਬਿਜਲੀ ਬੋਰਡ ਤੋਂ ਰਾਜਿੰਦਰ ਕੁਮਾਰ, ਪਾਰਟ ਟਾਈਮ ਸਫ਼ਾਈ ਸੇਵਕ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਤੋਂ ਜਰਨਲ ਸਕੱਤਰ ਜਰਨੈਲ ਸਿੰਘ ਆਦਿ ਹਾਜ਼ਰ ਸਨ