ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਪਿੰਡਾਂ ’ਚ ਕੀਤਾ ਝੰਡਾ ਮਾਰਚ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਪਿੰਡਾਂ ’ਚ ਕੀਤਾ ਝੰਡਾ ਮਾਰਚ
Publish Date: Thu, 26 Mar 2026 05:12 PM (IST)
Updated Date: Fri, 27 Mar 2026 04:05 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਝੰਡਾ ਮਾਰਚ ਦੀ ਅਗਵਾਈ ਕਰਦੇ ਮੋਰਚੇ ਦੇ ਸੂਬਾ ਆਗੂਆਂ ਵਰਿੰਦਰ ਸਿੰਘ ਮੋਮੀ, ਹਾਕਮ ਸਿੰਘ ਜ਼ਿਲਾ ਆਗੂ ਜੀਤ ਸਿੰਘ, ਨਰਿੰਦਰ ਸਿੰਘ, ਨਿਰਮਲ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਝੰਡਾ ਮਾਰਚ ਦਿੜ੍ਹਬਾ ਤੋਂ ਸ਼ੁਰੂ ਹੋਕੇ ਪਿੰਡ ਖੇਤਲਾ, ਕਾਕੂਵਾਲਾ, ਲਾਡਬੰਜਾਰਾ ਖੁਰਦ, ਲਾਡਬੰਜਾਰਾ ਕਲਾ, ਉਭਿਆ, ਹਰੀਗੜ, ਸ਼ਾਦੀਹਰੀ, ਰਾਏਧਰਾਣਾ, ਨਿਹਾਲਗੜ੍ਹ, ਢੰਡਿਆਲ ਵੱਖ- ਵੱਖ ਪਿੰਡਾਂ ਵਿੱਚ ਹੋ ਕੇ ਲੰਘਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਇਸ ਸਰਕਾਰ ਨੇ ਵੋਟਾਂ ਸਮੇਂ ਹੋਰ ਮਿਹਨਤ ਕਸ਼ ਲੋਕਾਂ ਦੀ ਤਰ੍ਹਾਂ ਆਊਟਸੋਰਸਡ ਇਨਲਿਸਟਮੈਂਟ ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਤਨਖਾਹ ਘੱਟੋ ਘੱਟ ਉਜਰਤ ਦੇ ਪੰਦਰਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਹਿ ਕੀਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਵਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਕੰਮ ਲਈ ਅਗਰ ਮੈਨੂੰ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਤਾਂ ਮੈਂ ਜਾਵਾਂਗਾ। ਵੱਖੋ ਵੱਖਰੇ ਵਿਭਾਗਾਂ ਵਿੱਚ ਘੁਸਕੇ ਵਿਭਾਗਾਂ ਅਤੇ ਕਾਮਿਆਂ ਨੂੰ ਲੁੱਟ ਰਹੀਆਂ ਕੰਪਨੀਆ ਅਤੇ ਸੁਸਾਇਟੀਆ ਨੂੰ ਵਿਭਾਗਾਂ ਵਿਚੋਂ ਬਾਹਰ ਕੱਢਿਆ ਜਾਵੇਗਾ। ਪਰ ਇਸ ਸਰਕਾਰ ਨੇ ਸੱਤਾ ਵਿੱਚ ਆਉਦਿਆਂ ਹੀ ਆਪਣੀ ਬੋਲੀ ਬਦਲ ਲਈ। ਪਹਿਲੀਆਂ ਸਰਕਾਰਾਂ ਦੇ ਰਾਹਾਂ ਤੇ ਚਲਦਿਆਂ ਸਬ ਕਮੇਟੀ ਦਾ ਗਠਨ ਕਰਕੇ ਕਾਂਗਰਸ ਅਕਾਲੀਆਂ ਦਾ ਭਰੋਸਾ ਹੀ ਦੋਹਰਾਇਆ ਗਿਆ ਕਿ ਇਹ ਸਬ ਕਮੇਟੀ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਪਾਲਸੀ ਤਿਆਰ ਕਰੇਗੀ। ਪਰ ਇਸ ਸਬ ਕਮੇਟੀ ਨੇ ਜਿਸਦੇ ਪ੍ਰਮੁੱਖ ਦਿੜ੍ਹਬਾ ਹਲਕੇ ਨਾਲ ਸਬੰਧਤ ਵਿਤ ਮੰਤਰੀ ਪੰਜਾਬ ਨੂੰ ਥਾਪਿਆ ਗਿਆ। ਜਿਨ੍ਹਾਂ ਨੇ ਇਨ੍ਹਾਂ ਚਾਰ ਸਾਲਾਂ ਦੇ ਅਰਸੇ ਚ ਠੇਕਾ ਕਾਮਿਆਂ ਨਾਲ ਝੂਠੇ ਲਾਰੇ ਅਤੇ ਧੋਖੇ ਦੀਆਂ ਸਾਜ਼ਿਸ਼ਾਂ ਘੜਕੇ ਡੰਗ ਟਪਾਈ ਕਰਨ ਦੇ ਨਾਲ ਨਾਲ ਮੋਰਚੇ ਦੀ ਇਕਜੁੱਟਤਾ ਨੂੰ ਖਿੰਡਾਉਣ ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਮਿਹਨਤਕਸ਼ ਲੋਕਾਂ ਨੂੰ ਇਸ ਝੰਡਾ ਮਾਰਚ ਰਾਹੀਂ ਅਪੀਲ ਕੀਤੀ ਗਈ ਕਿ ਜਿਨ੍ਹਾਂ ਮੰਗਾਂ ਵਿਰੁੱਧ ਅਸੀਂ ਲੜ ਰਹੇ ਹਾਂ ਇਨ੍ਹਾਂ ਦਾ ਸਬੰਧ ਸਾਡੇ ਤੱਕ ਸੀਮਤ ਨਹੀਂ ਸਗੋਂ ਇਨ੍ਹਾਂ ਦਾ ਸਬੰਧ ਸਮੂਹ ਮਿਹਨਤ ਕਸ਼ ਲੋਕਾਂ ਤੱਕ ਕਿਤੇ ਵਡੇਰਾ ਹੈ।