ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦਿੜ੍ਹਬਾ ’ਚ ਝੰਡਾ ਮਾਰਚ ਕੀਤਾ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦਿੜ੍ਹਬਾ ’ਚ ਝੰਡਾ ਮਾਰਚ ਕੀਤਾ
Publish Date: Sun, 22 Mar 2026 04:49 PM (IST)
Updated Date: Mon, 23 Mar 2026 04:02 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮੋਰਚੇ ਵਿਚ ਸ਼ਾਮਲ ਸਿਵਿਲ ਗੰਨਮੈਨ ਯੂਨੀਅਨ ਤੇ ਵੇਅਰ ਹਾਊਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਜੁਝਾਰੂ ਸਾਥੀਆਂ ਵੱਲੋਂ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਨਾਅਰੇ ਮਾਰਦੇ ਹੋਏ ਝੰਡਾ ਮਾਰਚ ਕੀਤਾ। ਝੰਡਾ ਮਾਰਚ ਦੀ ਅਗਵਾਈ ਕਰਦਿਆਂ ਮੋਰਚੇ ਦੇ ਸੂਬਾ ਆਗੂਆਂ ਵਰਿੰਦਰ ਸਿੰਘ ਮੋਮੀ, ਲਛਮਣ ਸਿੰਘ ਧੂਰੀ ਹਰਜਿੰਦਰ ਪਾਲ ਸਿੰਘ ਜ਼ਿਲ੍ਹਾ ਆਗੂ ਸੰਗਰੂਰ ਭੁਪਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਝੰਡਾ ਮਾਰਚ ਸੁਨਾਮ ਤੋਂ ਸ਼ੁਰੂ ਕਰ ਕੇ ਰਾਮਗੜ੍ਹ, ਜਵੰਦਾ, ਚੱਠੇ ਨਨਹੇੜਾ ਖਡਿਆਲ, ਰਟੋਲਾਂ, ਘਰਾਟ, ਮੌੜਾਂ, ਨਾਗਰੀ, ਮਹਿਲਾਂ ਤੋਂ ਅਗਾਂਹ ਮਰਦ ਖੇੜਾ ਵਿਚ ਸਮਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਰਕਾਰ ਨੇ ਵੋਟਾਂ ਸਮੇਂ ਹੋਰ ਮੇਹਨਤ ਕਸ਼ ਲੋਕਾਂ ਦੀ ਤਰ੍ਹਾਂ ਆਊਟਸੋਰਸਡ, ਇਨਲਿਸਟਮੈਂਟ, ਦਿਹਾੜੀਦਾਰ ਤੇ ਠੇਕਾ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਆਊਟਸੋਰਸਡ ਇਨਲਿਸਟਮੈਂਟ ਦਿਹਾੜੀਦਾਰ ਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਤਨਖਾਹ ਘੱਟੋ ਘੱਟ ਉਜਰਤ ਦੇ ਕਾਨੂੰਨ 1948 ਅਨੁਸਾਰ ਪੰਦਰਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰ ਕੇ ਤਹਿ ਕੀਤੀ ਜਾਵੇਗੀ। ਪ੍ਰੰਤੂ ਇਸ ਸਰਕਾਰ ਵਲੋਂ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੁੰਦਿਆਂ ਹੀ ਆਪਣੀ ਬੋਲੀ ਬਦਲ ਲਈ ਪਹਿਲੀਆਂ ਸਰਕਾਰਾਂ ਦੇ ਰਾਹਾਂ ਤੇ ਚਲਦਿਆਂ ਸਬ ਕਮੇਟੀ ਦਾ ਗਠਨ ਕਰਕੇ ਕਾਂਗਰਸ ਅਕਾਲੀਆਂ ਦਾ ਭਰੋਸਾ ਹੀ ਦੋਹਰਾਇਆ ਗਿਆ ਕਿ ਇਹ ਸਬ ਕਮੇਟੀ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਪਾਲਸੀ ਤਿਆਰ ਕਰੇਗੀ। ਪਰ ਇਸ ਸਬ ਕਮੇਟੀ ਨੇ ਜਿਸਦੇ ਪ੍ਰਮੁੱਖ ਦਿੜ੍ਹਬਾ ਹਲਕੇ ਨਾਲ ਸਬੰਧਤ ਵਿਤ ਮੰਤਰੀ ਪੰਜਾਬ ਨੂੰ ਥਾਪਿਆ ਗਿਆ। ਜਿਨ੍ਹਾਂ ਨੇ ਇਨ੍ਹਾਂ ਚਾਰ ਸਾਲਾਂ ਦੇ ਅਰਸੇ ਚ ਠੇਕਾ ਕਾਮਿਆਂ ਨਾਲ ਝੂਠੇ ਲਾਰੇ ਅਤੇ ਧੋਖੇ ਦੀਆਂ ਸਾਜ਼ਿਸ਼ਾਂ ਘੜਕੇ ਡੰਗ ਟਪਾਈ ਕਰਨ ਦੇ ਨਾਲ ਨਾਲ ਮੋਰਚੇ ਦੀ ਇਕਜੁੱਟਤਾ ਨੂੰ ਖਿੰਡਾਉਣ ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਮੁੱਖ ਮੰਤਰੀ ਪੰਜਾਬ ਜਿਸਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ ਉਸ ਨੇ ਇਨ੍ਹਾਂ ਚਾਰ ਸਾਲਾਂ ਵਿਚ ਮੋਰਚੇ ਨੂੰ 33 ਵਾਰ ਮੀਟਿੰਗ ਦਾ ਲਿਖਤੀ ਸਮਾਂ ਦੇਕੇ ਇਕ ਵਾਰ ਵੀ ਗੱਲਬਾਤ ਨਹੀਂ ਕੀਤੀ। ਇਸ ਲਈ ਤਿੱਖੇ ਸੰਘਰਸ਼ ਦੀ ਲੋੜ ਹੈ।