ਠੇਕਾ ਮੁਲਾਜ਼ਮਾਂ ਨੇ " ਆਪ " ਸਰਕਾਰ ਖ਼ਿਲਾਫ਼ ਕੱਢੀ ਭੜਾਸ
ਠੇਕਾ ਮੁਲਾਜ਼ਮਾਂ ਨੇ " ਆਪ " ਸਰਕਾਰ ਖ਼ਿਲਾਫ਼ ਕੱਢੀ ਰੱਜਕੇ ਭੜਾਸ
Publish Date: Sun, 22 Mar 2026 04:37 PM (IST)
Updated Date: Mon, 23 Mar 2026 04:02 AM (IST)

ਕਿਹਾ: ਮੁੱਖ ਮੰਤਰੀ ਦਾ ਹਰਾ ਪੈੱਨ ਲੱਭ ਰਹੇ ਨੇ ਠੇਕਾ ਕਾਮੇ ਖਜ਼ਾਨਾ ਮੰਤਰੀ ਦੇ ਹਲਕੇ ’ਚ ਕੀਤਾ ਝੰਡਾ ਮਾਰਚ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸਰਕਾਰੀ ਵਿਭਾਗਾਂ ਵਿਚ ਠੇਕਾ ਪ੍ਰਣਾਲੀ ਅਧੀਨ ਸੇਵਾਵਾਂ ਨਿਭਾਅ ਰਹੇ ਇਨਲਿਸਟਮੈਂਟ ਆਊਟਸੋਰਸ ਠੇਕਾ ਮੁਲਾਜ਼ਮਾਂ ਨੇ ਐਤਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਦੇ ਦਰਜਨਾਂ ਪਿੰਡਾਂ ਅੰਦਰ ਝੰਡਾ ਮਾਰਚ ਕੀਤਾ। ਸੂਬਾ ਭਰ ਤੋਂ ਆਏ ਸੁਨਾਮ ਦੀ ਨਵੀਂ ਦਾਣਾ ਮੰਡੀ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਏ ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਲਛਮਣ ਸਿੰਘ ਧੂਰੀ, ਜਨਰਲ ਸਕੱਤਰ ਪਰਮਜੀਤ ਸਿੰਘ, ਅਮਰੀਕ ਸਿੰਘ ਤੇ ਵਰਿੰਦਰ ਮੋਮੀ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਦੀ ਸੂਰਤ ਵਿਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿਵਾਇਆ ਸੀ ਲੇਕਿਨ ਚਾਰ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦੇ ਖਜ਼ਾਨਾ ਮੰਤਰੀ ਤੇ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਅਨੇਕ ਮੀਟਿੰਗਾਂ ਕੀਤੀਆਂ ਲੇਕਿਨ ਲਾਰਿਆਂ ਤੋਂ ਸਿਵਾਏ ਕੁੱਝ ਪੱਲੇ ਨਹੀਂ ਪਿਆ। ਉਨ੍ਹਾਂ ਸੂਬਾ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅੱਜ ਠੇਕਾ ਮੁਲਾਜ਼ਮ ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਾ ਪੈੱਨ ਲੱਭਣ ਲਈ ਆਏ ਹਨ। ਬੁਲਾਰਿਆਂ ਨੇ ਆਖਿਆ ਕਿ ਸਰਕਾਰੀ ਵਿਭਾਗਾਂ ’ਚ ਹਜ਼ਾਰਾਂ ਮੁਲਾਜ਼ਮ ਠੇਕਾ ਪ੍ਰਣਾਲੀ ਦਾ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ 5 ਅਪ੍ਰੈਲ ਤੱਕ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਦੇ ਪਿੰਡਾਂ ’ਚ ਲਗਾਤਾਰ ਝੰਡਾ ਮਾਰਚ ਤੇ ਪ੍ਰਦਰਸ਼ਨ ਕੀਤੇ ਜਾਣਗੇ। ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਜੇਕਰ ਠੇਕਾ ਮੁਲਾਜ਼ਮ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਸਕਦੇ ਹਨ ਤਾਂ ਸਰਕਾਰ ਨੂੰ ਗੱਦੀਓਂ ਲਾਹ ਵੀ ਸਕਦੇ ਹਨ।